ਦਾ ਐਡੀਟਰ ਨਿਊਜ਼, ਬਰਨਾਲਾ – ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਵੱਲੋਂ ਬਰਨਾਲਾ ਵਿੱਚ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਐਨਕਾਊਂਟਰ ‘ਚ ਗੈਂਗਸਟਰ ਕਾਲਾ ਧਨੌਲਾ ਦੀ ਮੌਤ ਹੋ ਗਈ ਹੈ। ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਇੱਕ ਹਿਸਟਰੀਸ਼ੀਟਰ ਸੀ, ਜੋ ਇੱਕ ਕਾਂਗਰਸੀ ਆਗੂ ‘ਤੇ ਹਮਲੇ ਤੋਂ ਇਲਾਵਾ 40 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਉਸ ਵੇਲੇ ਉਸ ਦਾ ਐਨਕਾਊਂਟਰ ਉਸ ਵੇਲੇ ਕੀਤਾ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ। ਜਦੋਂ ਪੁਲੀਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ।
ਜਾਣਕਾਰੀ ਅਨੁਸਾਰ ਏ.ਜੀ.ਟੀ.ਐਫ ਦੀ ਟੀਮ ਧਨੌਲਾ ਨੂੰ ਫੜਨ ਲਈ ਕਈ ਦਿਨਾਂ ਤੋਂ ਜਾਲ ਵਿਛਾ ਰਹੀ ਸੀ। ਪਰ ਹਰ ਵਾਰ ਉਹ ਚਕਮਾ ਦੇ ਕੇ ਭੱਜ ਜਾਂਦਾ ਸੀ। ਟੀਮ ਨੂੰ ਐਤਵਾਰ ਸਵੇਰੇ ਸੂਚਨਾ ਮਿਲੀ ਕਿ ਗੈਂਗਸਟਰ ਕਾਲਾ ਬਰਨਾਲਾ ਦੇ ਦਿਹਾਤੀ ਖੇਤਰ ‘ਚ ਆ ਗਿਆ ਹੈ। ਸੂਚਨਾ ਦੇ ਆਧਾਰ ‘ਤੇ ਸਿਵਲ ਵਰਦੀ ‘ਚ ਅਧਿਕਾਰੀ ਪਹਿਲਾਂ ਹੀ ਤਾਇਨਾਤ ਸਨ।
ਟੀਮ ਨੇ ਜਦੋਂ ਗੈਂਗਸਟਰ ਨੂੰ ਦੇਖਿਆ ਤਾਂ ਉਸ ਨੂੰ ਰੁਕਣ ਲਈ ਕਿਹਾ। ਪਰ ਧਨੌਲਾ ਨੇ ਸਾਹਮਣੇ ਤੋਂ ਗੋਲੀ ਚਲਾਈ। ਇਸ ਤੋਂ ਬਾਅਦ ਟੀਮ ਨੇ ਜਵਾਬੀ ਕਾਰਵਾਈ ਕੀਤੀ। ਇਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮਾਂ ਦਾ ਹਥਿਆਰ ਬਰਾਮਦ ਕਰ ਲਿਆ ਹੈ। ਸਾਰੀ ਘਟਨਾ ਬਾਰੇ ਜ਼ਿਲ੍ਹਾ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਦੇ ਰਿਕਾਰਡ ਅਨੁਸਾਰ ਗੈਂਗਸਟਰ ਕਾਲਾ ਧਨੌਲਾ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਮੰਗਣ, ਅਗਵਾ, ਹਥਿਆਰਾਂ ਦੀ ਤਸਕਰੀ ਆਦਿ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 40 ਤੋਂ ਵੱਧ ਕੇਸ ਦਰਜ ਹਨ।