ਦਾ ਐਡੀਟਰ ਨਿਊਜ.ਚੰਡੀਗੜ੍ਹ —– ਫਸਲਾਂ ਦੀ ਰਹਿਦ-ਖੂਹਦ ਦੇ ਸੁਚੱਜੇ ਪ੍ਰਬੰਧ ਲਈ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਸਬਸਿਡੀ ਦੇ ਕੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਵਿੱਚੋ ਵੱਡੇ ਪੱਧਰ ’ਤੇ ਗਾਇਬ ਹੋ ਚੁੱਕੀਆਂ ਹਨ ਮਤਲਬ ਕੇ ਮਸ਼ੀਨਾਂ ਅੱਗੇ ਵੇਚੀਆਂ ਜਾ ਚੁੱਕੀਆਂ ਹਨ ਤੇ ਇਸ ਧੋਖਾਧੜੀ ਵਿੱਚ ਮਸ਼ੀਨਾਂ ਵੇਚਣ ਵਾਲੇ ਕੁਝ ਕਿਸਾਨਾਂ ਸਮੇਤ ਉਹ ਕੰਪਨੀਆਂ ਵੀ ਮਿਲੀਆਂ ਹੋਈਆਂ ਹਨ ਜਿਨ੍ਹਾਂ ਵੱਲੋਂ ਮਸ਼ੀਨਾਂ ਬਣਾ ਕੇ ਵੇਚੀਆਂ ਜਾਂਦੀਆਂ ਹਨ ਪਰ ਇਸ ਮਾਮਲੇ ਵਿੱਚ ਹੋਈ ਧੋਖਾਧੜੀ ਦਾ ਪੂਰਾ ਨਜਲਾ ਖੇਤੀਬਾੜੀ ਵਿਭਾਗ ਦੇ ਚੰਡੀਗੜ੍ਹ ਬੈਠੇ ਉੱਚ ਅਫਸਰਾਂ ਨੇ ਜਿਲਿ੍ਹਆਂ ਵਿੱਚ ਤੈਨਾਤ ਖੇਤੀਬਾੜੀ ਅਧਿਕਾਰੀਆਂ ’ਤੇ ਝਾੜ ਦਿੱਤਾ ਹੈ ਤੇ ਮਸ਼ੀਨਾਂ ਗਾਇਬ ਹੋਣ ਪ੍ਰਤੀ ਉਕਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਕੱਢ ਕੇ ਸਸਪੈਂਡ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ, ਇਕੱਲੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਹੀ 61 ਮਸ਼ੀਨਾਂ ਗਾਇਬ ਹਨ ਤੇ ਇਸ ਪ੍ਰਤੀ 20 ਖੇਤੀਬਾੜੀ ਇੰਸਪੈਕਟਰਾਂ ਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਕੱਢੇ ਗਏ ਹਨ ਜਿਸ ਦੇ ਵਿਰੋਧ ਵਿੱਚ ਇਹ ਅਧਿਕਾਰੀ ਕਲਮ ਛੋੜ ਹੜਤਾਲ ’ਤੇ ਹਨ, ਵਿਰੋਧ ਕਰ ਰਹੇ ਅਫਸਰਾਂ ਦਾ ਕਹਿਣਾ ਹੈ ਕਿ ਪਹਿਲਾ ਤਾਂ ਅਸੀਂ ਇਮਾਨਦਾਰੀ ਨਾਲ ਮਸ਼ੀਨਾਂ ਲੱਭਣ ਲਈ ਖੇਤਾਂ-ਰਾਹਾਂ ਦੀ ਮਿੱਟੀ ਸਿਰ ਪੁਆਈ ਤੇ ਹੁਣ ਸਾਡਾ ਵਿਭਾਗ ਹੀ ਸਾਡੇ ਸਿਰਾਂ ਵਿੱਚ ਖੇਹ ਪਾਉਣ ਦੀ ਤਿਆਰੀ ਕਰ ਰਿਹਾ ਹੈ। ਨੋਟਿਸਾਂ ਦਾ ਵਿਰੋਧ ਕਰ ਰਹੇ ਅਧਿਕਾਰੀਆਂ ਦੀ ਗਲਤੀ ਸਿਰਫ ਇੰਨੀ ਹੈ ਕਿ ਕੁਝ ਮਹੀਨੇ ਪਹਿਲਾ ਵਿਭਾਗ ਵੱਲੋਂ ਮਸ਼ੀਨਾਂ ਪ੍ਰਤੀ ਸੌਂਪੀ ਗਈ ਜਾਂਚ ਇਨ੍ਹਾਂ ਵੱਲੋਂ ਇਮਾਨਦਾਰੀ ਨਾਲ ਕੀਤੀ ਗਈ ਤੇ ਹੁਣ ਉਹੀ ਇਮਾਨਦਾਰੀ ਇਨ੍ਹਾਂ ਅਫਸਰਾਂ ਦੇ ਗੱਲ ਵਿੱਚ ਰੱਸੇ ਦੀ ਤਰ੍ਹਾਂ ਪੈ ਗਈ ਹੈ ਜਿਸ ਨੂੰ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਪੰਜਾਬ ਸਰਕਾਰ ਦੇ ਇੱਕ ਇਸ਼ਾਰੇ ਪਿੱਛੋ ਕਦੇ ਵੀ ਖਿੱਚ ਸਕਦੇ ਹਨ। ਇਹ ਹਾਲਾਤ ਪੂਰੇ ਪੰਜਾਬ ਦੇ ਹਨ ਤੇ ਇਸ ਤਰ੍ਹਾਂ ਸਬਸਿਡੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਕੀਤੇ ਜਾ ਚੁੱਕੇ ਹਨ।
61 ਮਸ਼ੀਨਾਂ ਵੇਚਣ ਜਾਂ ਇੱਧਰ-ਉੱਧਰ ਕਰਨ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਿਹੜੀਆਂ 61 ਮਸ਼ੀਨਾਂ ਗਾਇਬ ਹਨ ਉਨ੍ਹਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਤੇ ਸਬਸਿਡੀ ਜਾਰੀ ਕਰਨ ਸਮੇਂ ਮਸ਼ੀਨ ਖਰੀਦਣ ਵਾਲੇ ਕਿਸਾਨ ਜਾਂ ਸੁਸਾਇਟੀ ਤੋਂ ਇਹ ਹਲਫਨਾਮਾ ਲਿਆ ਜਾਂਦਾ ਹੈ ਕਿ ਖਰੀਦ ਤੋਂ ਬਾਅਦ ਉਹ 5 ਸਾਲ ਤੱਕ ਮਸ਼ੀਨ ਵੇਚ ਨਹੀਂ ਸਕਦਾ ਲੇਕਿਨ ਇੱਥੇ ਕਈ ਕਿਸਾਨਾਂ ਨੇ ਮਸ਼ੀਨਾਂ ਵੇਚਣ ਦੀ ਗੱਲ ਮੰਨੀ ਹੈ ਤੇ ਵੱਡੀ ਗਿਣਤੀ ਵਿੱਚ ਕਿਸਾਨ ਜਾਂਚ ਅਧਿਕਾਰੀ ਸਾਹਮਣੇ ਮਸ਼ੀਨ ਪੇਸ਼ ਹੀ ਨਹੀਂ ਕਰ ਸਕੇ ਤੇ ਕਹਿ ਦਿੱਤਾ ਕਿ ਮਸ਼ੀਨ ਕਿਸੇ ਰਿਸ਼ਤੇਦਾਰ-ਦੋਸਤ ਨੂੰ ਵਰਤੋ ਲਈ ਦਿੱਤੀ ਹੋਈ ਹੈ, ਇਸ ਜਾਂਚ ਦੀ ਪੂਰੀ ਰਿਪੋਰਟ ਜਾਂਚ ਅਫਸਰਾਂ ਨੇ ਵਿਭਾਗ ਨੂੰ ਸੌਂਪੀ ਸੀ ਲੇਕਿਨ ਵਿਭਾਗ ਨੇ ਇਹ ਅਫਸਰ ਹੀ ਦੋਸ਼ੀ ਬਣਾ ਦਿੱਤੇ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਮਸ਼ੀਨਾਂ ਵੇਚਣ ਵਾਲੇ ਕਿਸਾਨਾਂ-ਸੁਸਾਇਟੀਆਂ ਨੂੰ ਨੋਟਿਸ ਕੱਢੇ ਜਾਂਦੇ ਤੇ ਉਨ੍ਹਾਂ ਕੰਪਨੀਆਂ ਨੂੰ ਵੀ ਨੰਗਾ ਕੀਤਾ ਜਾਂਦਾ ਜੋ ਇਸ ਸਬਸਿਡੀ ਖਾਣ ਦੀ ਖੇਡ ਵਿੱਚ ਲੱਗੇ ਹੋਏ ਹਨ ਤੇ ਨਾਲ ਹੀ ਉਸ ਅਫਸਰ ਨੂੰ ਲਪੇਟਿਆ ਜਾਂਦਾ ਜਿਸ ਨੇ ਸਬਸਿਡੀ ਜਾਰੀ ਕਰਨ ਸਮੇਂ ਸਬੰਧਿਤ ਕਿਸਾਨ-ਸੁਸਾਇਟੀ ਦੇ ਸੱਚ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਫਿਰ ਜਾਣਦੇ ਹੋਏ ਲੈ-ਦੇ ਕੇ ਸਬਸਿਡੀ ਵਾਲੀ ਫਾਈਲ ਓਕੇ ਕਰ ਦਿੱਤੀ।


ਬਲਾਕ-2 ਵਿੱਚ ਸਭ ਤੋਂ ਵੱਧ 20 ਮਸ਼ੀਨਾਂ ਗਾਇਬ
ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ-2 ਵਿੱਚ 20 ਮਸ਼ੀਨਾਂ, ਬਲਾਕ ਮੁਕੇਰੀਆ ਵਿੱਚ 12, ਭੂੰਗਾ ਬਲਾਕ ਵਿੱਚ ਵੀ 12, ਮਾਹਿਲਪੁਰ ਵਿੱਚ 8, ਦਸੂਹਾ ਬਲਾਕ ਵਿੱਚ 7, ਗੜ੍ਹਸ਼ੰਕਰ ਬਲਾਕ ਵਿੱਚ 1, ਹੁਸ਼ਿਆਰਪੁਰ ਬਲਾਕ-1 ਵਿੱਚ 1 ਮਸ਼ੀਨ ਗਾਇਬ ਹੈ। ਇਨ੍ਹਾਂ ਮਸ਼ੀਨਾਂ ਲਈ ਸਬਸਿਡੀ ਲੈਣ ਵਾਲੇ ਕਿਸਾਨ-ਸੁਸਾਇਟੀਆਂ ਵੱਲੋਂ ਇੱਕ-ਇੱਕ ਨਹੀਂ ਬਲਕਿ ਕਈ ਮਾਮਲਿਆਂ ਵਿੱਚ ਤਾਂ 5-5 ਮਸ਼ੀਨਾਂ ਖਰੀਦੀਆਂ ਗਈਆਂ ਹਨ ਤੇ ਲੱਖਾਂ ਰੁਪਏ ਦੀ ਸਬਸਿਡੀ ਵੀ ਲਈ ਗਈ ਹੈ ਪਰ ਹੁਣ ਮੌਕੇ ’ਤੇ ਇਨ੍ਹਾਂ ਕੋਲ ਇੱਕ ਮਸ਼ੀਨ ਵੀ ਮੌਜੂਦ ਨਹੀਂ ਹੈ।