ਨੌਵੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ‘ਚ ਲਾਏ ਜਾਣਗੇ 400 ਬੂਟੇ
ਚੰਡੀਗੜ-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 400 ਬੂਟੇ ਲਾਉਣ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ ਅਤੇ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਤਿਆਰ ਕੀਤੀ ਵਿਆਪਕ ਯੋਜਨਾ ਤਹਿਤ ਹਰ ਇੱਕ ਪਿੰਡ ਵਿੱਚ 2 ਵਣ ਮਿੱਤਰ ਰੱਖੇ ਜਾਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਪੰਜਾਬ ਭਵਨ ਵਿਖੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੀਟਿੰਗ ਦੌਰਾਨ ਇਸ ਯੋਜਨਾ ਸਬੰਧੀ ਵਿਚਾਰ ਵਟਾਂਦਰਾ ਕੀਤਾ। ਧਰਮਸੋਤ ਨੇ ਦੱਸਿਆ ਕਿ ਹਰ ਪਿੰਡ ‘ਚ 400 ਬੂਟੇ ਲਾਉਣ ਦਾ ਕਾਰਜ ਮਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਨੇਪਰੇ ਚਾੜਿਆ ਜਾਵੇਗਾ। ਉਨਾਂ ਦੱਸਿਆ ਕਿ ਸੂਬੇ ਦੇ ਹਰ ਪਿੰਡ ਵਿੱਚ ਇੱਕ ਏਕੜ ਪੰਚਾਇਤੀ ਜ਼ਮੀਨ ‘ਤੇ 400 ਦੇਸੀ ਕਿਸਮਾਂ ਦੇ ਬੂਟੇ ਲਾਏ ਜਾਣਗੇ ਅਤੇ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ 200 ਬੂਟੇ ਪਿੱਛੇ 1 ਵਣ ਮਿੱਤਰ ਰੱਖਿਆ ਜਾਵੇਗਾ, ਜੋ 3 ਸਾਲਾਂ ਤੱਕ ਬੂਟਿਆਂ ਦੀ ਸਾਂਭ-ਸੰਭਾਲ ਕਰੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਜੇਕਰ ਲਗਾਇਆ ਗਿਆ ਕੋਈ ਬੂਟਾ ਕਾਮਯਾਬ ਨਹੀਂ ਹੁੰਦਾ ਤਾਂ ਉਸਦੀ ਥਾਂ ਨਵਾਂ ਬੂਟਾ ਲਾਉਣਾ ਯਕੀਨੀ ਬਣਾਇਆ ਜਾਵੇਗਾ। ਜੰਗਲਾਤ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਜੰਗਲਾਤ ਵਿਭਾਗ ਦੀਆਂ ਨਰਸਰੀਆਂ ‘ਚ 85 ਲੱਖ ਦੇ ਕਰੀਬ ਬੂਟੇ ਤਿਆਰ ਹਨ।