ਦਾ ਐਡੀਟਰ ਨਿਊਜ਼. ਚੰਡੀਗੜ੍ਹ। ਸ਼੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਦੀ ਜਗਰਾਓ ਦੇ ਸੀਆਈਏ ਸਟਾਫ ਵਿੱਚ ਪੰਜਾਬ ਦੇ ਬਦਨਾਮ ਐਸਐਸਪੀ ਸਵਰਨ ਸਿੰਘ ਘੋਟਣਾ ਵੱਲੋਂ ਕਤਲ ਕਰਕੇ ਉਨਾਂ ਦੀ ਲਾਸ਼ ਨੂੰ ਸਤਲੁਜ ਦਰਿਆ ਵਿੱਚ ਵਹਾਉਣ ਤੋਂ ਬਾਅਦ ਜਗਰਾਓ ਪੁਲਿਸ ਵੱਲੋਂ ਜਥੇਦਾਰ ਕਾਂਉਕੇ ਦੇ ਫਰਾਰ ਹੋਣ ਸਬੰਧੀ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ, ਉਸ ਦੀ ਜਾਂਚ ਕਰਨ ਵਾਲੇ ਪੰਜਾਬ ਦੇ ਇੱਕ ਇਮਾਨਦਾਰ ਆਈਪੀਐਸ ਅਧਿਕਾਰੀ ਬੀ.ਪੀ. ਤਿਵਾੜੀ ਨੂੰ ਫਸਾਉਣ ਲਈ ਪੰਜਾਬ ਦੇ ਦੋ ਅਹਿਮ ਵਕੀਲਾਂ ਦੇ ਨਾਮ ਸਾਹਮਣੇ ਆ ਰਹੇ ਹਨ ਜਿਹੜੇ ਕਿ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜ੍ਹੋਂ ਦੱਸਦੇ ਹਨ ਅਤੇ ਇਨ੍ਹਾਂ ਵਕੀਲਾਂ ਨੇ ਲੰਮਾ ਸਮਾਂ ਕਈ ਸਿੱਖ ਖਾੜਕੂਆਂ ਦੇ ਕੇਸ ਲੜੇ ਹਨ ਅਤੇ ਜਿਨ੍ਹਾਂ ਦਾ ਖੁਲਾਸਾ ਆਉਂਦੇ ਦਿਨਾਂ ਵਿੱਚ ਹੋਵੇਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਬੀ.ਪੀ. ਤਿਵਾੜੀ ਨੂੰ ਫਸਾਉਣ ਲਈ ਇੱਕ ਹਿਮਾਚਲ ਦੀ ਲੜਕੀ ਦਾ ਇਸਤੇਮਾਲ ਕੀਤਾ ਸੀ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦੋਂ 1999 ਵਿੱਚ ਬੀ.ਪੀ. ਤਿਵਾੜੀ ਨੇ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਨਾਲ ਸੰਬੰਧਿਤ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਵਿੱਚ ਉਹਨਾਂ ਨੇ ਜਥੇਦਾਰ ਕਾਂਉਕੇ ਦੇ ਫਰਾਰ ਹੋਣ ਸਬੰਧੀ ਬਣਾਈ ਗਈ ਪੁਲਿਸ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਉਧੇੜ ਕੇ ਰੱਖ ਦਿੱਤਾ ਸੀ, ਇੱਥੇ ਹੀ ਨਹੀਂ ਉਹਨਾਂ ਨੇ ਪੰਜਾਬ ਦੇ ਡੀ.ਜੀ.ਪੀ. ਰਹੇ ਕੇ. ਪੀ. ਐਸ. ਗਿੱਲ ’ਤੇ ਵੀ ਗੰਭੀਰ ਟਿੱਪਣੀਆਂ ਕੀਤੀਆਂ ਸਨ।
ਬਿਊਟੀ ਪਾਰਲਰ ਤੋਂ ਤਿਆਰ ਕਰਕੇ ਲਿਆਂਦੀ ਲੜਕੀ
ਜਦੋਂ ਰਿਪੋਰਟ ਸਬਮਿਟ ਕਰਵਾ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਬੀ.ਪੀ. ਤਿਵਾੜੀ ਦੇ ਹੀ ਇੱਕ ਗਨਮੈਨ ਪਾਸੋਂ ਇੱਕ ਰਿਟ ਪਟੀਸ਼ਨ ਦਾਇਰ ਕਰਵਾਈ ਗਈ, ਜਿਸ ਵਿੱਚ ਤਿਵਾੜੀ ’ਤੇ ਗੰਭੀਰ ਦੋਸ਼ ਲਗਾਏ ਗਏ ਸਨ ਲੇਕਿਨ ਉਹ ਰਿਟ ਜਲਦੀ ਹੀ ਖਾਰਜ ਹੋ ਗਈ, ਉਸ ਤੋਂ ਬਾਅਦ ਪਲੈਨ-ਬੀ ਤਹਿਤ ਹਿਮਾਚਲ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਹਰਿਆਣੇ ਨਾਲ ਸੰਬੰਧਿਤ ਇੱਕ ਫਰਜੀ ਪਤਾ ਅਤੇ ਇੱਕ ਫਰਜ਼ੀ ਮਾਮਾ ਤਿਆਰ ਕੀਤਾ ਗਿਆ, ਉਸ ਲੜਕੀ ਨੂੰ ਬੀ.ਪੀ ਤਿਵਾੜੀ ਦੇ ਘਰ ਨੌਕਰਾਣੀ ਵਜੋਂ ਭੇਜਿਆ ਗਿਆ ਅਤੇ ਉਸ ਨੇ ਇੱਕ ਸਾਜਿਸ਼ ਤਹਿਤ ਘਰ ਵਿੱਚੋਂ ਰੌਲੀ ਪਾਉਂਦੇ ਬਾਹਰ ਆਉਣਾ ਸੀ ਲੇਕਿਨ ਮੌਕਾ ਨਾ ਮਿਲਣ ਕਰਕੇ ਫਿਰ ਉਸ ਲੜਕੀ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ 11 ਸੈਕਟਰ ਦੇ ਇੱਕ ਬਿਊਟੀ ਪਾਰਲਰ ਤੋਂ ਤਿਆਰ ਕਰਕੇ ਲਿਆਂਦਾ ਗਿਆ ਤਾਂ ਜੋ ਉਸ ਦੀ ਦਿੱਖ ਇਸ ਤਰੀਕੇ ਦੀ ਦਿਖੇ ਤਾਂ ਜੋ ਇਹ ਸਾਬਤ ਹੋਵੇ ਕਿ ਲੜਕੀ ਖੂਬਸੂਰਤ ਦੇਖ ਕੇ ਬੀ.ਪੀ. ਤਿਵਾੜੀ ਨੇ ਛੇੜਛਾੜ ਕੀਤੀ, ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੈਸ ਕਾਨਫਰੰਸ ਦਾ ਇੰਤਜ਼ਾਮ ਉਹਨਾਂ ਵਕੀਲਾਂ ਵਿੱਚੋਂ ਇੱਕ ਵਕੀਲ ਨੇ ਕੀਤਾ ਸੀ ਅਤੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਏਡੀਜੀਪੀ ਬੀ.ਪੀ. ਤਿਵਾੜੀ ਨੂੰ ਫਸਾਉਣ ਲਈ ਜਿਹੜਾ ਪੈਸਾ ਇਸਤੇਮਾਲ ਹੋਇਆ ਸੀ ਉਹ ਪੈਸਾ ਉਸ ਸਮੇਂ ਦੇ ਡੀ.ਜੀ.ਪੀ. ਨੇ ਦਿੱਤਾ ਸੀ, ਇੱਥੇ ਇਹ ਵੀ ਗੱਲ ਜਿਕਰਯੋਗ ਹੈ ਕਿ ਉਸ ਸਮੇਂ ਲੜਕੀ ਨੂੰ 80 ਹਜਾਰ ਰੁਪਏ ਦਿੱਤੇ ਗਏ ਸਨ।
ਆਖਿਰ ਪ੍ਰਮੁੱਖ ਪੰਥਕ ਧਿਰਾਂ ਕਿਉਂ ਚੁੱਪ ਹਨ
ਹਾਲਾਂਕਿ ਇਹ ਮਾਮਲਾ ਪੂਰੀ ਦੁਨੀਆਂ ਵਿੱਚ ਸੁਰਖੀਆਂ ਬਟੋਰ ਰਿਹਾ ਹੈ ਹਰ ਰੋਜ਼ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ, ਸੋਸ਼ਲ ਮੀਡੀਆ ’ਤੇ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਦੀ ਮੌਤ ਨੂੰ ਲੈ ਕੇ ਪੂਰੀ ਚਰਚਾ ਛਿੜੀ ਹੋਈ ਹੈ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਕਈ ਪ੍ਰਮੁੱਖ ਪੰਥਕ ਧਿਰਾਂ ਇਸ ਮਾਮਲੇ ਵਿੱਚ ਚੁੱਪ ਨਜ਼ਰ ਆ ਰਹੀਆਂ ਹਨ। ਰੋਡੇ ਪਰਿਵਾਰ, ਦਮਦਮੀ ਟਕਸਾਲ ਅਤੇ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਮਾਮਲੇ ਵਿੱਚ ਖੁੱਲ ਕੇ ਬੋਲ ਨਹੀਂ ਰਿਹਾ, ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ 2010 ਵਿੱਚ ਹੀ ਬੀ.ਪੀ. ਤਿਵਾੜੀ ਦੀ ਇਹ ਰਿਪੋਰਟ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਦੇ ਦਿੱਤੀ ਸੀ ਲੇਕਿਨ ਪਿਛਲੇ 13 ਸਾਲਾਂ ਵਿੱਚ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਕਾਰਕੁਨਾਂ ਵੱਲੋਂ ਇਹ ਦਾਅਵਾ ਜਰੂਰ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਰਿਪੋਰਟ ਨੂੰ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ ਲੇਕਿਨ ਪਬਲਿਕ ਡੋਮੇਨ ਤੇ ਇਸ ਰਿਪੋਰਟ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਜਕਾਰੀ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਹੀ ਲੈ ਕੇ ਆਏ ਹਨ। ਇਸ ਸਬੰਧੀ ਵੇਰਕਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਵਿੱਚ ਅਹਿਮ ਤੱਥ ਸਾਹਮਣੇ ਆ ਸਕਦੇ ਹਨ।