ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——— ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਪ੍ਰਸ਼ਾਸਨ ’ਚ ਉਸ ਸਮੇਂ ਭਾਜੜ ਪੈ ਗਈ ਜਦੋਂ ਐੱਸਐੱਸਪੀ ਨੇ ਥਾਣਾ ਮਾਹਿਲਪੁਰ ਦੇ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਲੋਕਾਂ ਦੀਆਂ ਨਜ਼ਰਾਂ ’ਚ ਲਗਾਤਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵੱਡੀਆਂ ਵੱਡੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੁਖੀ ਦੀ ਬਦਲੀ ਪਹਿਲਾਂ ਤਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਾ ਉਤਰੀ ਲੇਕਿਨ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਥਾਣਾ ਮੁਖੀ 40,000 ਹਜ਼ਾਰ ਦੀ ਕਥਿਤ ਤੌਰ ’ਤੇ ਰਿਸ਼ਵਤ ਲੈ ਰਹੇ ਸਨ ਹਾਲਾਂਕਿ ਇਸ ਵੀਡੀਓ ਨੂੰ ਥਾਣਾ ਮੁਖੀ ਨੇ ਤਿੰਨ ਸਾਲ ਪੁਰਾਣੀ ਤੇ ਉਧਾਰ ਦਿੱਤੇ ਪੈਸੇ ਵਾਪਸ ਲੈਂਦੇ ਹੋਏ ਦੱਸਿਆ।
ਥਾਣਾ ਮੁਖੀ ਦਾ ਪੱਖ ਵੀਡੀਓ ਵਿਚਲੀ ਗੱਲਬਾਤ ਨਾਲ ਮੇਲ ਨਹੀਂ ਖਾਂਦਾ ਜਦਕਿ ਵੀਡੀਓ ਵਿਚ ਗੱਲਬਾਤ ਰਾਹੀਂ ਕਿਸੇ ਵਿਅਕਤੀ ਨੂੰ ਛੱਡਣ ਦੀ ਗੱਲਬਾਤ ਸਪੱਸ਼ਟ ਸੁਣਾਈ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ 1.04 ਮਿੰਟ ਦੀ ਵਾਇਰਲ ਹੋਈ। ਜਿਸ ਵਿਚ ਥਾਣਾ ਮੁਖੀ ਨੂੰ 40,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੇਖ਼ਿਆ ਜਾ ਸਕਦਾ ਹੈ। ਵੀਡੀਓ ਵਿਚ ਕਿਸੇ ਵਿਅਕਤੀ ਨੂੰ ਹਿਰਾਸਤ ’ਚੋਂ ਛੱਡਣ ਦੀ ਗੱਲ ਹੋ ਰਹੀ ਹੈ ਅਤੇ ਸੌਦਾ 40 ਹਜ਼ਾਰ ਵਿਚ ਤੈਅ ਹੁੰਦਾ ਹੈ। ਪੈਸੇ ਦੇਣ ਵਾਲਾ ਵਿਅਕਤੀ ਆਪਣੇ ਬਟੂਏ ’ਚੋਂ ਪੰਜ-ਪੰਜ ਸੌ ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੈ ਜਿਸ ਨੂੰ ਲੈਣ ਤੋਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਪੂਰੇ ਪੈਸੇ ਦਿਓ। ਵਿਅਕਤੀ ਮੁੜ ਪੰਜ-ਪੰਜ ਸੌ ਦੇ 20 ਨੋਟ ਗਿਣ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੂੰ ਫੜਾਉਂਦਾ ਹੋਇਆ ਕਹਿੰਦਾ ਹੈ ਕਿ ਬਾਕੀ ਪੈਸੇ ਸਵੇਰੇ ਦੇ ਦੇਵੇਗਾ। ਪੈਸੇ ਲੈ ਕੇ ਥਾਣਾ ਮੁਖੀ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਰੱਖਦਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੇ ਇਹ ਰਿਸ਼ਵਤ ਕਿਸੇ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਵਿਚ ਥਾਣੇ ਰੱਖ ਉਸ ਨੂੰ ਛੱਡਣ ਬਦਲੇ ਲਏ ਸਨ। ਪਤਾ ਲੱਗਾ ਹੈ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਤੁਰੰਤ ਬਲਜਿੰਦਰ ਸਿੰਘ ਮੱਲ੍ਹੀ ਨੂੰ ਹੁਸ਼ਿਆਰਪੁਰ ਬੁਲਾ ਕੇ ਲਾਈਨ ਹਾਜ਼ਰ ਕਰ ਦਿੱਤਾ। ਇਸ ਸਬੰਧੀ ਪੁਲਿਸ ਦੇ ਵੱਡੇ ਅਧਿਕਾਰੀ ਕੁਝ ਵੀ ਬੋਲਣ ਤੋਂ ਆਨਾਕਾਨੀ ਕਰ ਰਹੇ ਹਨ ਅਤੇ ਨਾ ਹੀ ਪੱਤਰਕਾਰਾਂ ਦੇ ਫੋਨ ਚੁੱਕ ਰਹੇ ਹਨ।