ਸੁਖਬੀਰ ਬਾਦਲ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ- ਬਲਬੀਰ ਸਿੱਧੂ
ਚੰਡੀਗੜ-ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੂਬੇ ਵਿੱਚ ਹੋਈਆਂ 100 ਤੋਂ ਵੱਧ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਅਸਤੀਫ਼ਾ ਦੇਣ ਲਈ ਕਹਿਣਾ , ਇੰਝ ਜਾਪਦਾ ਹੈ ਜਿਵੇਂ ਸੁਖਬੀਰ ਨੂੰ ਖਾਸ ਗੱਲਾਂ ਭੁੱਲਣ ਦੀ ਬਿਮਾਰੀ ਹੋਵੇ, ਇਸ ਸਮੇਂ ਸੁਖਬੀਰ ਬਾਦਲ ਨੂੰ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਲੋੜ ਹੈ, ਇਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ । ਉਨਾਂ ਸੁਖਬੀਰ ਤੋਂ ਪੁੱਛਿਆ ਕੀ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ ਸੀ ਜਦੋਂ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਨਾਲ ਮਿਲਦੀ ਜੁਲਦੀ ਪੌਸ਼ਾਕ ਪਹਿਨ ਕੇ ਸਵਾਂਗ ਰਚਣ ਦੇ ਘਿਨਾਉਣੇ ਅਪਰਾਧ ਲਈ ਉਸ ਨੂੰ ਮੁਆਫ ਕਰ ਦਿੱਤਾ ਸੀ। ਉਨਾਂ ਅਕਾਲੀ ਦਲ ਪ੍ਰਧਾਨ ‘ਤੇ ਵਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਜੁਰਮਾਂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਹੈ। ਸਾਬਕਾ ਉੱਪ ਮੁੱਖ ਮੰਤਰੀ ਵਲੋਂ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਫੀਆ ਦੇ ਸਰਗਨਾ ਨਾਲ ਸਬੰਧ ਹੋਣ ਦਾ ਪਤਾ ਹੋਣ ਦੇ ਬਾਵਜੂਦ ਵੀ ਕੈਬਨਿਟ ਤੋਂ ਬਾਹਰ ਨਹੀਂ ਕੱਢਿਆ ਗਿਆ ਜਦਕਿ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਉੱਤੇ ਕਾਰਵਾਈ ਕੀਤੀ ਗਈ। ਸੁਖਬੀਰ ਬਾਦਲ ਦੀ ਤਰਨਤਾਰਨ ਜ਼ਿਲੇ ਅਤੇ ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਚ ਪ੍ਰਭਾਵਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਨੂੰ ਸਪੱਸ਼ਟ ਤੌਰ ‘ਤੇ ਆਮ ਲੋਕਾਂ ਦੇ ਅੱਖਾਂ ਵਿਚ ਘੱਟਾ ਪਾਉਣਾ ਅਤੇ ਮਗਰਮੱਛ ਦੇ ਹੰਝੂ ਵਹਾਉਣਾ ਦੱਸਦਿਆਂ ਸ. ਸਿੱਧੂ ਨੇ ਕਿਹਾ ,” ਕੀ ਸੁਖਬੀਰ ਨੂੰ ਪੁਲਿਸ ਦੀ ਗੋਲੀਬਾਰੀ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਫਿਕਰ ਸੀ।” ਉਸ ਸਮੇਂ ਸੁਖਬੀਰ ਬਾਦਲ ਕੋਲ ਗ੍ਰਹਿ ਵਿਭਾਗ ਦਾ ਕਾਰਜਭਾਗ ਸੀ ਜਿਸ ਤਹਿਤ ਉਨਾਂ ਵਲੋਂ ਰਾਜ ਪੁਲਿਸ ਸੰਚਾਲਨ ਦੇ ਪੂਰੇ ਅਖ਼ਤਿਆਰ ਸਨ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਪ੍ਰਤੀ ਪਵਿੱਤਰ ਵਚਨਬੱਧਤਾ ਨੂੰ ਨਿਭਾਉਂਦਿਆਂ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਅਤੇ ਸਰਗਨਾ ਬਲਵਿੰਦਰ ਕੌਰ ਵਿਰੁੱਧ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਗਏ ਹਨ ਤੇ ਉਕਤ ਮਾਮਲੇ ‘ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।