ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।
ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ।
ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਚੱਬੇਵਾਲ ਵਿੱਚ 53.43 ਫੀਸਦੀ ਰਿਹਾ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਮੁਕੰਮਲ ਹੋਵੇਗੀ। ਜਦੋਂ ਕਿ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ 15 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।
ਗਿੱਦੜਬਾਹਾ ਹਲਕੇ ਵਿੱਚ ਕੁੱਲ 14 ਉਮੀਦਵਾਰ ਮੈਦਾਨ ਵਿੱਚ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਜਦੋਂ ਕਿ ਬਰਨਾਲਾ ਹਲਕੇ ਵਿੱਚ 14 ਉਮੀਦਵਾਰ ਮੈਦਾਨ ਵਿੱਚ ਹਨ। ਐਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।