– ਹਿਲਾ ਦੇਵੇਗੀ ਹਿੰਦੂਤਵ ਵਿਚਾਰਧਾਰਾ ਦੀ ਨੀਂਹ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਹੈ। ਵੀਡੀਓ ਵਿੱਚ ਉਹ ਰਾਮ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰ ਰਹੇ ਹਨ।
ਪੰਨੂ ਨੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੂੰ ਵੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ 16 ਅਤੇ 17 ਨਵੰਬਰ ਨੂੰ ਅਯੁੱਧਿਆ ਦੇ ਰਾਮ ਮੰਦਰ ‘ਚ ਹਿੰਸਾ ਹੋਵੇਗੀ। ਹਾਲਾਂਕਿ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਹਾਂ। ਪੰਨੂ ਨੇ ਵੀਡੀਓ ‘ਚ ਇਹ ਵੀ ਕਿਹਾ ਕਿ ਅਸੀਂ ਹਿੰਦੂਤਵ ਵਿਚਾਰਧਾਰਾ ਦੀ ਜਨਮ ਭੂਮੀ ਅਯੁੱਧਿਆ ਦੀ ਨੀਂਹ ਹਿਲਾ ਦਿਆਂਗੇ। ਵੀਡੀਓ ਵਿੱਚ ਪੰਨੂ ਨੇ ਅਯੁੱਧਿਆ ਵਿੱਚ ਰਾਮ ਮੰਦਰ ਸਮੇਤ ਦੇਸ਼ ਦੇ ਕਈ ਹਿੰਦੂ ਮੰਦਰਾਂ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਹਨ। ਇਸ ਵੀਡੀਓ ਨੂੰ ਵੱਡੇ ਖਤਰੇ ਵਜੋਂ ਦੇਖਿਆ ਜਾ ਰਿਹਾ ਹੈ।
ਵੀਡੀਓ ‘ਚ ਅੱਤਵਾਦੀ ਪੰਨੂ ਨੇ ਕਿਹਾ- ਭਾਰਤੀ ਮੂਲ ਦੇ ਕਈ ਕੈਨੇਡੀਅਨ ਪੀਐੱਮ ਮੋਦੀ ਦੀ ਵਿਚਾਰਧਾਰਾ ਨੂੰ ਮੰਨਦੇ ਹਨ। ਨਾਲ ਹੀ, ਕੈਨੇਡੀਅਨ ਐਮਪੀ ਚੰਦਰ ਆਰੀਆ ਹਿੰਦੂ ਅੱਤਵਾਦ ਦਾ ਚਿਹਰਾ ਹੈ। ਤੁਸੀਂ ਜਾਂ ਤਾਂ ਕੈਨੇਡਾ ਲਈ ਸੱਚੇ ਰਹੋ ਜਾਂ ਕੈਨੇਡਾ ਦੀ ਧਰਤੀ ਨੂੰ ਛੱਡ ਦਿਓ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਪੁਲਿਸ (ਆਰਸੀਐਮਪੀ) ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪ੍ਰੋ ਖਾਲਿਸਤਾਨੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕੀਤਾ ਸੀ। ਇਸ ਵਿੱਚ ਭਾਰਤੀ ਡਿਪਲੋਮੈਟਾਂ ਦਾ ਹੱਥ ਸੀ।