ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——- ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਤੰਬਰ ਮਹੀਨੇ ’ਚ ਖਤਮ ਹੋਏ ਆਪਣੇ ਫਿਸਕਲ ਯੀਅਰ ’ਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ 1100 ਭਾਰਤੀਆਂ ਨੂੰ ਚਾਰਟਰਡ ਤੇ ਕਮਰਸ਼ੀਅਲ ਫਲਾਈਟਾਂ ਰਾਹੀਂ ਵਾਪਸ ਭੇਜਿਆ ਹੈ। ਅਮਰੀਕਾ ਦੇ ਗ੍ਰਹਿ ਤੇ ਅੰਦਰੱਖਿਆ ਵਿਭਾਗ ਦੀ ਬਾਰਡਰ ਐਂਡ ਇਮੀਗ੍ਰੇਸ਼ਨ ਪਾਲਿਸੀ ਦੀ ਅਸਿਸਟੈਂਟ ਸੈਕ੍ਰੇਟਰੀ ਰੋਜ਼ ਮੱਰੇ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਵਿਚੋਂ ਜ਼ਿਆਦਾਤਰ ਕਿਹੜੇ ਸੂਬੇ ਤੋਂ ਹਨ ਪਰ ਇਨ੍ਹਾਂ ਵਿਚ ਪੰਜਾਬ ਤੇ ਇਸ ਦੇ ਆਸ-ਪਾਸ ਦੇ ਅਜਿਹੇ ਭਾਰਤੀ ਸ਼ਾਮਲ ਹਨ, ਜੋ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰ ਕੇ ਅਮਰੀਕਾ ਗਏ ਸਨ।
ਮੱਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਕੋਲ ਅਮਰੀਕਾ ’ਚ ਰਹਿਣ ਦਾ ਕਾਨੂੰਨੀ ਅਧਿਕਾਰ ਨਹੀਂ ਸੀ, ਇਸ ਲਈ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ 22 ਅਕਤੂਬਰ ਨੂੰ ਹੀ ਅਮਰੀਕਾ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਨੂੰ ਇਕ ਫਲਾਈਟ ਰਾਹੀਂ ਵਾਪਸ ਭੇਜਿਆ ਹੈ। ਹਾਲਾਂਕਿ ਅਜੇ ਤਕ ਕਿਸੇ ਵੀ ਬੱਚੇ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਰਹਿਣ ਦੇ ਦੋਸ਼ ਵਿਚ ਡਿਪੋਰਟ ਨਹੀਂ ਕੀਤਾ ਗਿਆ।
ਮੱਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਪਾਰ ਕਰ ਕੇ ਅਮਰੀਕਾ ਗਏ ਸਨ। ਇਨ੍ਹਾਂ ਵਿਚੋਂ ਕਿਸੇ ਕੋਲ ਵੀ ਅਮਰੀਕਾ ’ਚ ਰਹਿਣ ਦਾ ਜਾਇਜ਼ ਕਾਰਨ ਨਹੀਂ ਸੀ। ਡਿਪੋਰਟ ਕੀਤੇ ਗਏ ਭਾਰਤੀਆਂ ਵਿਚ ਕੋਈ ਵੀ ਸ਼ਰਨਾਰਥੀ ਵਾਲੀ ਕੈਟਾਗਰੀ ਵਿਚ ਨਹੀਂ ਸੀ।
ਇਕ ਸਵਾਲ ਦੇ ਜਵਾਬ ’ਚ ਮੱਰੇ ਨੇ ਕਿਹਾ ਕਿ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਵਿਚ ਭਾਰਤ ਸਰਕਾਰ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਅਤੇ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨਾਲ ਅਮਰੀਕੀ ਅਧਿਕਾਰੀ ਲਗਾਤਾਰ ਸੰਪਰਕ ਵਿਚ ਰਹੇ। ਭਾਰਤ ਦੇ ਸਹਿਯੋਗ ਨਾਲ ਹੀ ਗੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਆਈਆਂ ਫਲਾਈਟਾਂ ਦੀ ਭਾਰਤ ਵਿਚ ਲੈਂਡਿੰਗ ਹੋਈ।