ਦਾ ਐਡੀਟਰ ਨਿਊਜ਼, ਸਮਾਣਾ ———- ਕਰੀਬ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਅਮਰੀਕਾ ਗਏ ਸਮਾਣਾ ਹਲਕੇ ਦੇ ਪਿੰਡ ਕੁਤਬਨਪੁਰ ਦੇ ਇਕ ਨੌਜਵਾਨ ਦੀ ਅਣਪਛਾਤੇ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ ਵੜੈਚ (20) ਦੇ ਪਿਤਾ ਪਲਵਿੰਦਰ ਸਿੰਘ ਨਿਵਾਸੀ ਪਿੰਡ ਕੁਤਬਨਪੁਰ ਅਨੁਸਾਰ ਉਸ ਦਾ ਇਕਲੌਤਾ ਪੁੱਤਰ ਕਰੀਬ ਡੇਢ ਸਾਲ ਪਹਿਲਾ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਮੋਨਟਿਕਾ ਸ਼ਹਿਰ ’ਚ ਰੋਜ਼ੀ-ਰੋਟੀ ਲਈ ਗਿਆ ਸੀ। ਜੋ ਸਟੋਰ ‘ਤੇ ਵਰਕ ਪਰਮਿਟ ’ਤੇ ਕੰਮ ਕਰਦਾ ਸੀ।
ਬੀਤੇ ਕਲ੍ਹ ਜਦੋਂ ਉਹ ਰੈਸਟੋਰੈਂਟ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨਿਗਰੋ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਉਸ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ’ਚ ਰਹਿੰਦੇ ਇਕ ਰਿਸ਼ਤੇਦਾਰ ਨੇ ਫੋਨ ‘ਤੇ ਮੰਗਲਵਾਰ ਸਵੇਰੇ ਇਸ ਸੰਬੰਧੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਅਰਮਾਨ ਸਿੰਘ ਅਮਰੀਕਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਫਿਲਹਾਲ ਕਤਲ ਕਿਸ ਕਾਰਨ ਹੋਇਆ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਅਮਰੀਕਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਰਿਸ਼ਤੇਦਾਰ ਨਾਲ ਰਹਿੰਦਾ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹੋਰ ਸਮਾਜ ਸੇਵੀ, ਰਾਜਨੀਤੀਕ, ਧਾਰਮਿਕ ਸੰਸਥਾਵਾ ਦੇ ਆਗੂਆਂ ਨੇ ਪਿੰਡ ਪਹੁੰਚ ਕੇ ਪ੍ਰੀਵਾਰਿਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ।