ਐਡੀਟਰ ਨਿਊਜ਼, ਜਲੰਧਰ ——- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕਥਿਤ ਮਸ਼ਕਰੀ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੀਆਂ ਧੱਜੀਆਂ ਖੁਦ ਬੀਬੀ ਜਗੀਰ ਕੌਰ ਨੇ ਹੀ ਉੜਾ ਦਿੱਤੀਆਂ ਹਨ। ਉਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪਾਈ ਪੋਸਟ ਤੇ ਇਸ ਸਪਸ਼ਟ ਕਰ ਦਿੱਤਾ ਹੈ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ, ਸਗੋਂ ਇਸ ਘਟਨਾ ਦੀ ਵੀਡੀਓ ਨੂੰ ਤੋੜ ਮਰੋੜ ਕੇ ਗਲਤ ਪੇਸ਼ ਕੀਤਾ ਗਿਆ। ਉਹਨਾਂ ਸਪਸ਼ਟ ਕੀਤਾ ਕਿ ਜਿਸ ਵਕਤ ਉਹ ਅਤੇ ਚਰਨਜੀਤ ਸਿੰਘ ਚੰਨੀ ਆਮੋ ਸਾਹਮਣੇ ਹੋਏ ਸਨ ਤਾਂ ਪਹਿਲਾਂ ਉਨਾਂ ਨੇ ਸਤਿਕਾਰ ਵਜੋਂ ਫਤਿਹ ਬੁਲਾਈ ਅਤੇ ਮੇਰੇ ਪੈਰੀ ਹੱਥ ਲਾਇਆ, ਜੋ ਕਿ ਵੀਡੀਓ ਦੇ ਹਿੱਸੇ ਵਿੱਚੋਂ ਕੱਟ ਹੀ ਦਿੱਤਾ ਗਿਆ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ, ਪੰਜਾਬ ਦੇ ਡੀਜੀਪੀ ਤੋਂ ਕੱਲ੍ਹ ਦੁਪਹਿਰ ਤੱਕ ਰਿਪੋਰਟ ਮੰਗ ਲਈ ਸੀ।


ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਲਾ ਕਮਿਸ਼ਨ ਨੇ ਸਿਰਫ ਸੋਸ਼ਲ ਮੀਡੀਆ ਦਾ ਹਵਾਲਾ ਦੇ ਕੇ ਹੀ ਇਹ ਨੋਟਿਸ ਜਾਰੀ ਕੀਤਾ ਸੀ, ਜਦ ਕਿ ਬੀਬੀ ਜਗੀਰ ਕੌਰ ਨੇ ਇਸ ਦੀ ਕੋਈ ਸ਼ਿਕਾਇਤ ਤੱਕ ਨਹੀਂ ਕੀਤੀ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਹਰ ਰੋਜ਼ ਸੋਸ਼ਲ ਮੀਡੀਆ ਤੇ ਔਰਤਾਂ ਤੇ ਹੁੰਦੇ ਅੱਤਿਆਚਾਰ ਦੀਆਂ ਕਈ ਕਹਾਣੀਆਂ ਆਉਂਦੀਆਂ ਹਨ, ਪਰ ਉਹਨਾਂ ਘਟਨਾਵਾਂ ਤੇ ਮਹਿਲਾ ਕਮਿਸ਼ਨ ਨੇ ਕਦੀ ਨੋਟਿਸ ਨਹੀਂ ਲਿਆ। ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਬਿਨਾਂ ਸ਼ਿਕਾਇਤ ਤੋਂ ਹੀ ਇਹ ਨੋਟਿਸ ਜਾਰੀ ਕੀਤਾ ਗਿਆ। ਰਾਜਨੀਤੀ ਦੇ ਜਾਣਕਾਰਾਂ ਅਨੁਸਾਰ ਇਸ ਨੋਟਿਸ ਦੇ ਪਿੱਛੇ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੀ ਸ਼ਵੀ ਨੂੰ ਧੁੰਦਲਾ ਕਰਨਾ ਸੀ ਅਤੇ ਹੁਣ ਬੀਬੀ ਜਗੀਰ ਕੌਰ ਵੱਲੋਂ ਦਿੱਤੇ ਸਪਸ਼ਟੀਕਰਨ ਨੇ ਮਹਿਲਾ ਕਮਿਸ਼ਨ ਦੀ ਹਾਲਤ ਪਤਲੀ ਕਰ ਦਿੱਤੀ ਹੈ।
ਰਾਜ ਲਾਲੀ ਗਿੱਲ (ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ)
ਕੀ ਕਿਹਾ ਬੀਬੀ ਜਗੀਰ ਕੌਰ ਨੇ
10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀਆਂ ਆਗੂਆਂ ਨਾਲ ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਆਹਮੋ-ਸਾਹਮਣੇ ਹੋਣ `ਤੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹੇ ਬੁਲਾਈ।
ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁਕ ਕੇ ਫਤਿਹੇ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ। ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ। ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ।
ਪਰ ਦੁੱਖ ਦੀ ਗੱਲ ਹੈ ਕਿ ਸ਼ੋਸ਼ਲ ਮੀਡੀਆ ਤੇ ਕਈ ਚੈਨਲਾਂ `ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ, ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ ।
ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ, ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ।