ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਛੋਟੀਆਂ-ਛੋਟੀਆਂ ਗੱਲਾਂ ‘ਤੇ ਧਰਨੇ-ਮੁਜ਼ਾਹਰੇ ਕਰਨ ਵਾਲੇ ਅਤੇ ਹੰਗਾਮਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਹੁਣ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਨਿੱਤ ਵਾਪਰ ਰਹੀਆਂ ਕਤਲਾਂ-ਲੁੱਟਾਂ ਦੀਆਂ ਘਟਨਾਵਾਂ ‘ਤੇ ਚੁੱਪ ਕਿਉਂ ਹਨ? ਪੰਜਾਬ ਦੇ ਲੋਕ ਉਹਨਾਂ ਤੋਂ ਜਵਾਬ ਮੰਗ ਰਹੇ ਹਨ ਅਤੇ ਅੱਜ ਪੰਜਾਬ ਦੇ ਹਾਲਾਤਾਂ ਲਈ ਆਪ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹ ਗੱਲ ਅਕਾਲੀ ਆਗੂ ਨੀਤੀ ਤਲਵਾੜ ਨੇ ਸੋਹਣ ਸਿੰਘ ਠੰਡਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ‘ਆਪ’ ਆਗੂ ਅਤੇ ਉਨ੍ਹਾਂ ਦੇ ਚਹੇਤੇ ਹੁਣ ਸੱਤਾ ਦੀ ਖੁਸ਼ੀ ਲਈ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਆਕਾਵਾਂ ਕੋਲ ਵੇਚਣ ‘ਤੇ ਲੱਗੇ ਹੋਏ ਹਨ। ਇਸ ਦੇ ਉਲਟ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਸੂਬੇ ਦੇ ਲੋਕਾਂ ਨੇ ‘ਆਪ’ ਨੂੰ ਇੱਥੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ ਅਤੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪ ਖੁਦ ਸ਼ੀਸ਼ੇ ‘ਚ ਦੇਖੇਗੀ ਕਿ ਧੋਖਾਧੜੀ ਵਰਗੀਆਂ ਚਾਲਾਂ ਕੰਮ ਨਹੀਂ ਆਉਂਦੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਦਲ ਦੇ ਨਾਲ ਹਨ ਅਤੇ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੀ ਜਿੱਤ ਦਰਜ ਕਰਕੇ ਸੰਸਦ ਵਿੱਚ ਪੁੱਜਣਗੇ।