ਦਾ ਐਡੀਟਰ ਨਿਊਜ਼, ਗੁਰਦਾਸਪੁਰ —— ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ ਕਾਫੀ ਸਾਲਾਂ ਬਾਅਦ ਆਪਣੇ ਪੁਰਾਣੇ ਤੇਵਰ ਵਿੱਚ ਨਜ਼ਰ ਆਏ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਤੇ ਉਨਾਂ ਦੇ ਸਾਥੀ ਹੁਣ ਘੋੜਿਆਂ ਤੇ ਚੜ੍ਹ ਕੇ ਅਕਾਲੀ ਦਲ ਲਈ ਪ੍ਰਚਾਰ ਨਹੀਂ ਕਰਨਗੇ। ਉਹਨਾਂ 22 ਮਈ ਤੱਕ ਅਕਾਲੀ ਦਲ ਨੂੰ ਅਲਟੀਮੇਟਮ ਦਿੱਤਾ ਹੈ ਅਤੇ ਕਿਹਾ ਕਿ ਉਹ 22 ਤਰੀਕ ਨੂੰ ਕਲਾਨੌਰ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਨ ਅਤੇ ਉਸ ਦਿਨ ਉਹ ਇਹ ਤੈਅ ਕਰਨਗੇ ਕਿ ਉਹਨਾਂ ਨੇ ਕੀ ਕਰਨਾ ਹੈ ? ਅਤੇ ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਮਰਨਗੇ ਵੀ ਅਕਾਲੀ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਆਪਣੇ ਸਮਰਥਕਾਂ ਸਮੇਤ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ, ਪਿਛਲੇ 7 ਸੱਲ ਤੋਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਉਹ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ।
ਲੰਗਾਹ ਨੇ ਲੋਕਲ ਲੀਡਰਸ਼ਿਪ ਨੂੰ ਕੋਸਦੇ ਹੋਏ ਕਿਹਾ ਕਿ ਕਾਂਗਰਸ ਨੇ ਉਹਨਾਂ ਦਾ ਘੱਟ ਨੁਕਸਾਨ ਕੀਤਾ ਹੈ ਪਰ ਉਨਾਂ ਦੇ ਆਪਣਿਆਂ ਨੇ ਹੀ ਉਸ ਦਾ ਵੱਡਾ ਨੁਕਸਾਨ ਕੀਤਾ ਹੈ। ਕੁਝ ਲੋਕਲ ਅਕਾਲੀ ਆਗੂ ਹਾਈਕਮਾਨ ਨੂੰ ਗਲਤ ਗਾਈਡ ਕਰ ਰਹੇ ਹਨ। ਉਹ ਜੰਮੇ ਵੀ ਅਕਾਲੀ ਸਨ ਅਤੇ ਮਰਨਗੇ ਵੀ ਅਕਾਲੀ, ਭਾਵੇਂ ਉਨ੍ਹਾਂ ‘ਤੇ ਜਿੰਨੀਆਂ ਮਰਜ਼ੀ ਪਾਰਟੀਆਂ ਪ੍ਰੈਸ਼ਰ ਪਾ ਲੈਣ। ਆਖਰੀ ਸਾਹ ਲੈਣ ਤੱਕ ਉਹ ਅਕਾਲੀ ਦਲ ਦੇ ਨਾਲ ਰਹਿਣਗੇ। ਇੱਥੇ ਜਿੰਨੇ ਵੀ ਮੇਰੇ ਨਾਲ ਨੇ ਉਹ ਸਾਰੇ ਹੀ ਟਕਸਾਲੀ ਨੇ, ਪਰ ਨਵੇਂ ਜੋ ਕਿ ਕੋਈ 4 ਸਾਲ ਤੋਂ ਅਕਾਲੀ, ਕੋਈ 7 ਸਾਲ ਤੋਂ ਅਕਾਲੀ ਨੇ ਤੇ ਆਏ ਦੂਜੀਆਂ ਪਾਰਟੀਆਂ ਤੋਂ ਨੇ ਮੈਨੂੰ ‘ਤੇ ਮੇਰੇ ਸਾਥੀਆਂ ਨੂੰ ਅਸੈਬਲੀ ‘ਚ ਕਹਿੰਦੇ ਨੇ ਕਿ ਇਨ੍ਹਾਂ ਨੇ ਵੋਟਾਂ ਨੀ ਪਾਈਆਂ। ਪਰ ਮੈਂ ਸਮਝਦਾ ਹਾਂ ਕਿ 9 ਹਲਕਿਆਂ ‘ਚ ਇਨ੍ਹਾਂ ਨੇ ਜੋ ਮੀਟਿੰਗਾਂ ਕਰਵਾਈਆਂ ਨੇ ਉਨ੍ਹਾਂ ‘ਚ ਵੱਧ ਤੋਂ ਵੱਧ 300 ਬੰਦਾ ਇਕੱਠਾ ਨੀ ਹੋਇਆ। ਪਰ ਇੱਥੇ ਜੋ ਮੇਰੇ ਨਾਲ ਬੈਠੇ ਨੇ ਸਾਰੇ ਹੀ ਟਕਸਾਲੀ ਨੇ ਤੇ ਹਰੇਕ ਅਕਾਲੀ ਦਲ ਦੇ ਅਹੁਦੇ ‘ਤੇ ਰਹਿ ਚੁੱਕਿਆ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਇਨ੍ਹਾਂ ਤੋਂ ਸਟਰੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਅੱਗੇ ਲੰਗਾਹ ਨੇ ਕਿਹਾ ਕਿ ਪਰ ਜੇ ਇਹ ਸਾਡੀ ਕਦਰ ਨਹੀਂ ਕਰਦੇ ਤਾਂ ਵੀ ਮੇਰੇ ਜਿੰਨੇ ਵੀ ਸਾਥੀ ਨੇ ਸਾਰੇ ਉਹ ਅਕਾਲੀ ਦਲ ਨੂੰ ਹੀ ਵੋਟ ਪਾਇਓ, ਪਰ ਉਹ ਹੁਣ ਘੋੜੇ ‘ਤੇ ਚੜ੍ਹ ਕੇ ਅਕਾਲੀਆਂ ਲਈ ਪ੍ਰਚਾਰ ਨਹੀਂ ਕਰਨਗੇ, ਸਗੋਂ 22 ਤਰੀਕ ਨੂੰ ਕਲਾਨੌਰ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਨ ਅਤੇ ਉਸ ਦਿਨ ਉਹ ਇਹ ਤੈਅ ਕਰਨਗੇ ਕਿ ਉਹਨਾਂ ਨੇ ਕੀ ਕਰਨਾ ਹੈ ? ਜੇ ਉਹ ਸਾਨੂੰ ਪੁੱਛਦੇ ਨੇ ਤਾਂ ਠੀਕ ਹੈ, ਪਰ ਜੇ ਉਨ੍ਹਾਂ ਨਹੀਂ ਪੁੱਛਦੇ ਤਾਂ ਫੇਰ ਉਹ ਅਤੇ ਉਨ੍ਹਾਂ ਦੇ ਸਾਥੀ ਫੈਸਲਾ ਲੈਣਗੇ, ਕਿ ਇਨ੍ਹਾਂ ਨਾਲ ਰਹਿਣਾ ਹੈ ਜਾਂ ਨਹੀਂ। ਫੇਰ ਇਨ੍ਹਾਂ ਨੂੰ ਅਸੀਂ ਆਪਣੀ ਪਾਵਰ ਦੱਸਾਂਗੇ ਕਿ ਸਾਡੇ ਪੱਲੇ ਕੀ ਹੈ।