ਦਾ ਐਡੀਟਰ ਨਿਊਜ਼, ਸੰਗਰੂਰ —– ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਨਿਰਾਸ਼ ਦਲਵੀਰ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸੁਖਪਾਲ ਖਹਿਰਾ ਨੂੰ ਟਿਕਟ ਦੇਣ ਤੋਂ ਨਾਰਾਜ਼ ਸਨ।
ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਿੰਨ ਲਾਈਨਾਂ ਵਾਲਾ ਅਸਤੀਫਾ ਪੱਤਰ ਭੇਜ ਕੇ ਲਿਖਿਆ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਮੈਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਗੋਲਡੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਮੈਂ ਇਹ ਫੈਸਲਾ ਪੂਰੇ ਦਿਲ ਨਾਲ ਲੈ ਰਿਹਾ ਹਾਂ। ਮੇਰਾ ਪਰਿਵਾਰ, ਰਿਸ਼ਤੇਦਾਰ ਅਤੇ ਜੋ ਮੈਨੂੰ ਨਿੱਜੀ ਤੌਰ ‘ਤੇ ਜਾਣਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਫੈਸਲਾ ਮੇਰੇ ਲਈ ਕਿੰਨਾ ਔਖਾ ਹੈ।
ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਨਾਰਾਜ਼ਗੀ ਨੂੰ ਲੈ ਕੇ ਸਵਾਲ ਉਠਾ ਰਹੇ ਸਨ, ਉਦੋਂ ਉਮੀਦਵਾਰ ਸੁਖਪਾਲ ਖਹਿਰਾ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ ਪਰ ਫਿਰ ਵੀ ਗੋਲਡੀ ਨੇ ਪਾਰਟੀ ਛੱਡ ਦਿੱਤੀ ਸੀ।
ਦਲਵੀਰ ਗੋਲਡੀ ਸੰਗਰੂਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਸਨ ਅਤੇ ਪਿਛਲੇ 3 ਮਹੀਨਿਆਂ ਤੋਂ ਪਾਰਟੀ ਦੀ ਚੋਣ ਮੁਹਿੰਮ ‘ਚ ਲੱਗੇ ਹੋਏ ਸਨ ਪਰ ਜਿਵੇਂ ਹੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਤਾਂ ਗੋਲਡੀ ਪਾਰਟੀ ਤੋਂ ਨਿਰਾਸ਼ ਹੋ ਗਏ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਨੇਤਾਵਾਂ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਵਾਰ ਤਾਂ ਗੋਲਡੀ ਨੇ ਖਹਿਰਾ ਨੂੰ ਸਮਰਥਨ ਦੇਣ ਲਈ ਮੰਨ ਵੀ ਗਏ ਸਨ। ਪਰ ਅੱਜ ਅਚਾਨਕ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਜਾਣਕਾਰੀ ਮੁਤਾਬਕ ਗੋਲਡੀ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਕਿਸੇ ਵੀ ਸਮੇਂ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਗੋਲਡੀ ਧੂਰੀ ਤੋਂ ਵਿਧਾਇਕ ਵੀ ਹਨ।