ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —– ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਐਲਾਨੀ ਗਈ ਉਮੀਦਵਾਰ ਯਾਮਿਨੀ ਗੋਮਰ ਤੋਂ ਬਾਅਦ ਟਿਕਟ ਦੀ ਦੌੜ ‘ਚ ਸ਼ਾਮਿਲ ਜਿੱਥੇ ਹਲਕਾ ਸ਼ਾਮ-ਚੌਰਾਸੀ ਤੋਂ ਸਾਬਕਾ ਵਧਾਇਕ ਪਵਨ ਕੁਮਾਰ ਆਦੀਆ ਦਾ ਗੁੱਸੇ ਵਾਲਾ ਡਰਾਮਾ ਮਹਿਜ ਅੱਠ ਘੰਟਿਆਂ ‘ਚ ਖਤਮ ਹੋਇਆ, ਉੱਥੇ ਆਪਣੀ ਪੱਤ ਬਚਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਸ਼ਿਆਰਪੁਰ ਪੁੱਜੇ ਅਤੇ ਉਨ੍ਹਾਂ ਨੇ ਪਵਨ ਕੁਮਾਰ ਆਦੀਆ ਨੂੰ ਮਨਾਇਆ।
ਇਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਦੀ ਦੌੜ ‘ਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਅਤੇ ਪਵਨ ਕੁਮਾਰ ਆਦੀਆ ਸ਼ਾਮਿਲ ਸਨ। ਪਰ ਕਾਂਗਰਸ ਪਾਰਟੀ ਨੇ ਯਾਮਿਨੀ ਗੋਮਰ ਨੂੰ ਟਿਕਟ ਦੇ ਕੇ ਜਿੱਥੇ ਸਾਰੇ ਕਾਂਗਰਸੀ ਵਰਕਰਾਂ ਅਤੇ ਰਾਜਨੀਤੀ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਯਾਮਿਨੀ ਗੋਮਰ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਨਹੀਂ ਸਨ ਅਤੇ ਨਾ ਹੀ ਕਿਤੇ ਉਹ ਟਿਕਟ ਦੀ ਕਿਸੇ ਦੌੜ ‘ਚ ਦਿਸੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ ਤਾਂ ਆਪ ਦੀ ਹਵਾ ਕਰਕੇ ਯਾਮਿਨੀ ਗੋਮਰ 2 ਲੱਖ ਤੋਂ ਉੱਪਰ ਵੋਟਾਂ ਲੈ ਗਈ ਸੀ। ਉਸ ਵੇਲੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਯਾਮਿਨੀ ਗੋਮਰ ਦਾ ਨਾਂਅ ਪਹਿਲੀ ਵਾਰ ਸੁਣਿਆ ਸੀ। ਪਰ ਬਾਅਦ ‘ਚ ਆਮ ਆਦਮੀ ਪਾਰਟੀ ਨੇ ਉਸ ਨੂੰ ਪੂਰੀ ਤਰ੍ਹਾਂ ਨੁਕਰੇ ਲਾ ਦਿੱਤਾ ਸੀ, ਤਾਂ ਇਹ ‘ਆਪ’ ਤੋਂ ਔਖੀ ਹੋ ਕੇ ਯਾਮਿਨੀ ਕਾਂਗਰਸ ‘ਚ ਸ਼ਾਮਿਲ ਹੋ ਗਈ ਸੀ ਲੇਕਿਨ ਕਾਂਗਰਸ ‘ਚ ਵੀ ਇਹ ਬਹੁਤ ਘੱਟ ਸਰਗਰਮ ਰਹੀ, ਹਾਲਾਂਕਿ ਇਸ ਨੂੰ ਕਾਂਗਰਸ ਦੇ ਕਮਜ਼ੋਰ ਕੈਂਡੀਡੇਟ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਜਦਕਿ ਸੰਤੋਸ਼ ਚੌਧਰੀ ਟਕਸਾਲੀ ਕਾਂਗਰਸੀ ਸਨ ਅਤੇ ਉਨ੍ਹਾਂ ਦਾ ਕਾਂਗਰਸ ‘ਚ ਬਹੁਤ ਸਾਲਾਂ ਦਾ ਇਤਿਹਾਸ ਮੌਜੂਦ ਹੈ, ਲੇਕਿਨ ਸਥਾਨਕ ਲੀਡਰਾਂ ਦੇ ਵਿਰੋਧ ਦੇ ਚਲਦਿਆਂ ਟਿਕਟ ਨਹੀਂ ਲੈ ਸਕੇ। ਯਾਮਿਨੀ ਗੋਮਰ ਦੀ ਟਿਕਟ ਤੋਂ ਬਾਅਦ ਪਵਨ ਕੁਮਾਰ ਆਦੀਆ ਕੁੱਝ ਘੰਟਿਆਂ ਲਈ ਰੁੱਸ ਗਏ ਸਨ, ਜਿਹੜੇ ਕਿ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ।
ਵਕਤ ਬਚਾਉਣ ਲਈ ਭੱਜੇ ਰਾਜਾ….
ਜਿੰਨੀ ਕਿਰਕਰੀ ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋ ਰਹੀ ਹੈ, ਓਨ੍ਹੀ ਸਾਇਦ ਹੀ ਕਿਸੇ ਹੋਰ ਲੀਡਰ ਦੀ ਹੋਵੇ। ਕਿਉਂਕਿ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਕਾਂਗਰਸੀ ਪਾਰਟੀ ਨੂੰ ਛੱਡ ਕੇ ਭੱਜੇ ਹਨ ਅਤੇ ਏਥੇ ਹੀ ਬੱਸ ਨਹੀਂ ਉਹ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਵੀ ਟਿਕਟ ਨਹੀਂ ਦਿਵਾ ਸਕੇ, ਜਦਕਿ ਚਰਚਾ ਤਾਂ ਇਹ ਵੀ ਹੈ ਕਿ ਵੜਿੰਗ ਆਪ ਚੋਣ ਮੈਦਾਨ ਛੱਡ ਕੇ ਭੱਜ ਗਏ। ਇਸ ਤੋਂ ਪਹਿਲਾਂ ਟਿਕਟ ਨਾ ਮਿਲਣ ਕਰਕੇ ਜਲੰਧਰ ਦਾ ਟਕਸਾਲੀ ਚੌਧਰੀ ਪਰਿਵਾਰ ਅਤੇ ਮਹਿੰਦਰ ਸਿੰਘ ਕੇਪੀ ਛੱਡ ਗਏ ਅਤੇ ਰਾਜਾ ਵੜਿੰਗ ਇਸ ਗੱਲ ਕਰਕੇ ਹੁਸ਼ਿਆਰਪੁਰ ਪੁੱਜ ਗਏ, ਉਨ੍ਹਾਂ ਨੂੰ ਇਹ ਖਦਸ਼ਾ ਸੀ ਕਿ ਪਵਨ ਕੁਮਾਰ ਆਦੀਆ ਵੀ ਪਾਰਟੀ ਨਾ ਛੱਡ ਜਾਣ, ਪਰ ਇਸ ਦੀ ਸੰਭਾਵਨਾ ਬੇਹੱਦ ਘੱਟ ਸੀ।