ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਦਿੱਲੀ ਦੇ ਸ਼ਰਾਬ ਘੁਟਾਲੇ ਤੋਂ ਬਾਅਦ ਈਡੀ ਕਿਸੇ ਵਕਤ ਵੀ ਪੰਜਾਬ ਵਿੱਚ ਵੀ ਵੱਡੀ ਕਾਰਵਾਈ ਕਰ ਸਕਦੀ ਹੈ ਅਤੇ ਇਸ ਦੇ ਸੰਕੇਤ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਘਰ ਪਹੁੰਚ ਗਏ ਹਨ, ਇਹੀ ਵਜ੍ਹਾ ਹੈ ਕਿ ਪੰਜਾਬ ਸਰਕਾਰ ਨੇ ਹੁਣ ਸ਼ਰਾਬ ਦੀ ਉਸ ਕੰਪਨੀ ਜਿਸ ਪਾਸ ਪੰਜਾਬ ਦਾ ਇੱਕੋ ਇੱਕ ਐਲ1 ਲਾਈਸੈਂਸ ਸੀ ਉਸ ਨੂੰ ਦੁਬਾਰਾ ਲਾਈਸੈਂਸ ਦੇਣ ਤੋਂ ਮਨਾ ਕਰ ਦਿੱਤਾ ਹੈ। ਇਸ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਸ਼ਰਾਬ ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਵਿੱਚ ਪੂਰੀ ਤਰ੍ਹਾਂ ਖਲਬਲੀ ਮਚੀ ਹੋਈ ਹੈ ਕਿਉਂਕਿ ਜਿਹੜੀ ਸ਼ਰਾਬ ਪਾਲਸੀ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀ ਉਹ ਪੋਲਸੀ ਹੀ ਪੰਜਾਬ ਵਿੱਚ ਲਾਗੂ ਕੀਤੀ ਗਈ ਸੀ, ਜਿਸ ਵਿੱਚ ਜਿਸ ਤਰ੍ਹਾਂ ਦਿੱਲੀ ਵਿੱਚ ਸਾਊਥ ਗਰੁੱਪ ਨੂੰ ਪੂਰੀ ਦਿੱਲੀ ਦਾ ਐਲ1 ਲਾਈਸੈਂਸ ਸਾਊਥ ਗਰੁੱਪ ਨੂੰ ਦਿੱਤਾ ਗਿਆ ਸੀ, ਜਿਸ ਨੇ ਦਿੱਲੀ ਦੇ 32 ਜੋਨਾਂ ਵਿੱਚ ਸ਼ਰਾਬ ਸਪਲਾਈ ਕੀਤੀ ਸੀ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਇੱਕੋ ਇਕ ਕੰਪਨੀ ਬ੍ਰਿੰਡਕੋ (Brindco Sales Pvt Ltd) ਨੂੰ ਐਲ1 ਦਾ ਲਾਇਸੈਂਸ ਦਿੱਤਾ ਗਿਆ ਸੀ ਅਤੇ ਇਸ ਕੰਪਨੀ ਨੇ ਤਕਰੀਬਨ 10 ਹਜਾਰ ਕਰੋੜ ਰੁਪਏ ਦੀ ਪੰਜਾਬ ਵਿੱਚ ਸ਼ਰਾਬ ਸਪਲਾਈ ਕੀਤੀ ਸੀ, ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਫਾਈਨਾਂਸ ਮਨਿਸਟਰ ਹਰਪਾਲ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਕੀਤਾ ਸੀ ਕਿ 2022 ਅਤੇ 2023 ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਿੱਤੀ ਸਾਲ ਦੇ ਵਿੱਚ 8841.4 ਕਰੋੜ ਰੁਪਏ ਸ਼ਰਾਬ ਦੇ ਮਾਲੀਏ ਤੋਂ ਪ੍ਰਾਪਤ ਹੋਏ ਸਨ ਅਤੇ ਸਾਲ 2023 ਅਤੇ 24 ਦੇ ਵਿੱਤੀ ਸਾਲ ਵਿੱਚ 10145.95 ਕਰੋੜ ਰੁਪਏ ਸ਼ਰਾਬ ਦੇ ਮਾਲੀਏ ਦਾ ਟੀਚਾ ਰੱਖਿਆ ਗਿਆ ਸੀ।
ਇੱਥੇ ਇਹ ਗੱਲ ਜ਼ਿਕਰਯਗ ਹੈ ਕਿ ਪੰਜਾਬ ਵਿੱਚ ਹਰ ਸਾਲ 80 ਲੱਖ ਤੋਂ ਲੈ ਕੇ 90 ਲੱਖ ਸ਼ਰਾਬ ਦੀ ਪੇਟੀ ਦੀ ਸੇਲ ਹੁੰਦੀ ਹੈ। ਹਾਲਾਂਕਿ ਇਸ ਤੋਂ ਇਲਾਵਾ ਵੀ ਪੂਰੇ ਪੰਜਾਬ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਵੀ ਤਕਰੀਬਨ ਇੱਕ ਹਜਾਰ ਕਰੋੜ ਰੁਪਏ ਦੇ ਲਾਗੇ-ਤਾਗੇ ਪਹੁੰਚ ਚੁੱਕਾ ਹੈ। ਈਡੀ ਦੇ ਸੂਤਰਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਈਡੀ ਨੇ ਬ੍ਰਿੰਡਕੋ ਕੰਪਨੀ ‘ਤੇ ਵੀ ਛਾਪਾ ਮਾਰਿਆ ਸੀ ਜਿੱਥੋਂ ਈਡੀ ਨੂੰ ਅਜਿਹੇ ਅਹਿਮ ਦਸਤਾਵੇਜ ਮਿਲੇ ਹਨ ਜਿਸ ਵਿੱਚ ਪੰਜਾਬ ਵਿੱਚ ਵੀ ਸ਼ਰਾਬ ਘੁਟਾਲੇ ਦੀ ਵੱਡੀ ਬੂ ਆ ਰਹੀ ਹੈ ਅਤੇ ਈਡੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬ੍ਰਿੰਡਕੋ ਕੰਪਨੀ ਨੇ ਦਿੱਲੀ ਦੇ ਪੈਟਰਨ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਾ ਏਕਾ ਅਧਿਕਾਰ ਲੈਣ ਲਈ ਕਿੰਨੇ 100 ਕਰੋੜ ਰੁਪਏ ਰਿਸ਼ਵਤ ਦੇ ਤੌਰ ਤੇ ਦਿੱਤੇ ਹਨ। ਇਹੀ ਵਜ੍ਹਾ ਹੈ ਕਿ ਈਡੀ ਨੇ ਪਿਛਲੇ ਦਿਨੀ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਅਤੇ ਆਈਏਐਸ ਅਧਿਕਾਰੀ ਵਰਨ ਰੂਜਮ ਦੇ ਘਰ ਰੇਡ ਮਾਰੀ ਸੀ।
ਆਖਰ ਬ੍ਰਿੰਡਕੋ ਤੋਂ ਕਿਉਂ ਖਿੱਚੇ ਗਏ ਪਿੱਛੇ ਪੈਰ
ਦਾ ਐਡੀਟਰ ਨਿਊਜ਼ ਪਾਸ ਲੱਗੇ ਦਸਤਾਵੇਜ ਅਨੁਸਾਰ ਬਰਿੰਡਕੋ ਕੰਪਨੀ ਨੇ ਫਿਰ ਦੁਬਾਰਾ ਪੰਜਾਬ ਵਿੱਚ ਐਲ ਵਨ ਲਾਈਸੈਂਸ ਲਈ ਅਪਲਾਈ ਕੀਤਾ ਸੀ ਜਿਸ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਉਦਾਂ ਦੀਪ ਸਿੰਘ ਸਿੱਧੂ ਨੇ ਬ੍ਰਿੰਡਕੋ ਦੀ ਅਰਜੀ ਇਹ ਕਹਿ ਕੇ ਖਾਰਜ ਕਰ ਦਿੱਤੀ ਹੈ ਕਿ ਇਸ ਕੰਪਨੀ ਦੇ ਦੋ ਡਾਇਰੈਕਟਰ ਬਰਿੰਦਰ ਪਾਲ ਸਿੰਘ ਢੱਲ ਅਤੇ ਅਮਨਦੀਪ ਸਿੰਘ ਢੱਲ ਦੇ ਖਿਲਾਫ ਸੀਬੀਆਈ ਅਤੇ ਈਡੀ ਦੀ ਜਾਂਚ ਚੱਲ ਰਹੀ ਹੈ ਇਸ ਵਜਾ ਕਰਕੇ ਦੁਬਾਰਾ ਐਲ ਵਨ ਲਾਈਸੈਂਸ ਨਹੀਂ ਜਾਰੀ ਕੀਤਾ ਜਾ ਸਕਦਾ, ਲੇਕਿਨ ਜੇਕਰ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਬ੍ਰਿੰਡਕੋ ਨੂੰ ਪੰਜਾਬ ਦੇ ਕਥਿਤ ਸ਼ਰਾਬ ਘੁਟਾਲੇ ਕਰਕੇ ਹੀ ਲਾਈਸੈਂਸ ਨਾ ਜਾਰੀ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ, ਉਥੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਅਜੇ ਤੱਕ ਕਿਸੇ ਨੂੰ ਵੀ ਐਲ-ਵਨ ਲਾਈਸੈਂਸ ਨਹੀਂ ਦਿੱਤਾ ਗਿਆ ਅਤੇ ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰ ਅਜੇ ਆਪਣਾ ਪੁਰਾਣਾ ਸਟਾਕ ਹੀ ਚਲਾ ਰਹੇ ਹਨ ਇਸ ਸਬੰਧੀ ਐਕਸਾਈਜ਼ ਵਿਭਾਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ।