ਦਾ ਐਡੀਟਰ ਨਿਊਜ, ਚੰਡੀਗੜ੍ਹ ——— ਪੰਜਾਬ ਪੁਲਿਸ ਐੱਨ.ਡੀ.ਪੀ.ਐੱਸ. ਕੇਸਾਂ ਦੇ ਮਾਮਲੇ ਵਿੱਚ ਹੁਣ ਹਿਮਾਚਲ ਪੁਲਿਸ ਤੋਂ ਟ੍ਰੇਨਿੰਗ ਲਵੇਗੀ, ਇਸ ਸਬੰਧੀ ਹੁਕਮ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇੱਕ ਕੇਸ ਦੀ ਸੁਣਵਾਈ ਦੌਰਾਨ ਕੀਤੇ ਗਏ ਹਨ, ਜਿਸ ਪਿੱਛੋਂ ਡੀ.ਜੀ.ਪੀ. ਪੰਜਾਬ ਵੱਲੋਂ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਐੱਸ.ਟੀ.ਐੱਫ, ਸਮੂਹ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ, ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਜੀ.ਆਰ.ਪੀ. ਨੂੰ ਪੱਤਰ ਲਿਖ ਕੇ ਐੱਨ.ਡੀ.ਪੀ.ਐੱਸ.ਦੇ ਮਾਮਲਿਆਂ ਦੇ ਤਫਤੀਸ਼ੀ ਅਫਸਰਾਂ ਨੂੰ ਪੁਲਿਸ ਟ੍ਰੇਨਿੰਗ ਕੇਂਦਰ ਦੜੋਹ ਜ਼ਿਲ੍ਹਾ ਕਾਂਗੜਾ ਭੇਜਣ ਲਈ ਕਿਹਾ ਗਿਆ ਹੈ, ਇਸ ਟ੍ਰੇਨਿੰਗ ਲਈ ਪੰਜਾਬ ਤੋਂ 520 ਤਫਤੀਸ਼ੀ ਅਫਸਰਾਂ ਨੂੰ ਭੇਜਿਆ ਜਾਣਾ ਹੈ ਜੋ ਕਿ ਮੌਜੂਦਾ ਸਮੇਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੈਨਾਤ ਹਨ। ਜਾਰੀ ਕੀਤੇ ਗਏ ਪੱਤਰ ਅਨੁਸਾਰ ਤਫਤੀਸ਼ੀ ਅਫਸਰਾਂ ਦਾ ਪਹਿਲਾ ਬੈਂਚ ਜਿਸ ਵਿੱਚ 130 ਅਧਿਕਾਰੀ ਸ਼ਾਮਿਲ ਹੋਣਗੇ ਮਿਤੀ 16 ਅਪ੍ਰੈਲ ਨੂੰ ਜਾਵੇਗਾ, ਇਸੇ ਤਰ੍ਹਾਂ ਦੂਜਾ ਬੈਂਚ 26 ਅਪ੍ਰੈਲ ਨੂੰ, ਤੀਜਾ ਬੈਂਚ 1 ਮਈ ਨੂੰ ਤੇ ਚੌਥਾ ਬੈਂਚ 6 ਮਈ ਨੂੰ ਜਾਵੇਗਾ, ਸਾਰੇ ਬੈਂਚਾਂ ਵਿੱਚ 130-130 ਮੁਲਾਜਿਮ ਜਾਣਗੇ। ਜਿਹੜੇ ਤਫਤੀਸ਼ੀ ਅਫਸਰਾਂ ਨੂੰ ਟ੍ਰੇਨਿੰਗ ’ਤੇ ਭੇਜਿਆ ਜਾ ਰਿਹਾ ਹੈ ਉਹ ਤੈਅ ਤਾਰੀਖ ਤੋਂ ਇੱਕ ਦਿਨ ਪਹਿਲਾ ਟ੍ਰੇਨਿੰਗ ਕਾਲੇਜ ਦੜੋਹ ਵਿੱਚ ਪੁੱਜਣਗੇ ਤੇ ਟ੍ਰੇਨਿੰਗ ਦੌਰਾਨ ਦਿਨ ਦੇ ਸਮੇਂ ਮੁਲਾਜ਼ਮ ਮੋਬਾਇਲ ਫੋਨ ਦੀ ਵਰਤੋ ਨਹੀਂ ਕਰ ਸਕਣਗੇ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਕਾਬਲੇ ਹਿਮਾਚਲ ਵਿੱਚ ਡਰੱਗ ਦਾ ਕਾਰੋਬਾਰ ਬੇਹਦ ਘੱਟ ਹੈ ਲੇਕਿਨ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਹੁਣ ਹਿਮਾਚਲ ਪੁਲਿਸ ਤੋਂ ਡਰੱਗ ਦੇ ਮਾਮਲੇ ਵਿੱਚ ਤਫਤੀਸ਼ ਕਰਨ ਲਈ ਟ੍ਰੇਨਿੰਗ ਲੈਣੀ ਪੈ ਰਹੀ ਹੈ, ਇਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਮੁਕਾਬਲੇ ਹਿਮਾਚਲ ਪੁਲਿਸ ਤਫਤੀਸ਼ ਦੇ ਮੁਕਾਬਲੇ ਕਾਫੀ ਪ੍ਰੋਫੈਸ਼ਨਲ ਹੈ ਅਤੇ ਹਿਮਾਚਲ ਪੁਲਿਸ ਦਾ ਕਨਵਿਕਸ਼ਨ ਰੇਟ ਵੀ ਪੰਜਾਬ ਨਾਲੋਂ ਕਿਤੇ ਵੱਧ ਹੈ ਇਸ ਤੋਂ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਡਰੱਗ ਦੇ ਮਾਮਲਿਆਂ ਦੀ ਤਫਤੀਸ਼ ਵਿੱਚ ਪੰਜਾਬ ਪੁਲਿਸ ਵੱਲੋਂ ਵਰਤੀ ਜਾਂਦੀ ਵੱਡੀ ਪੱਧਰ ਤੇ ਲਾਪਰਵਾਹੀ ਸਬੰਧੀ ਕਈ ਮਾਮਲੇ ਆਉਂਦੇ ਰਹੇ ਹਨ ਅਤੇ ਕਈ ਇਸ ਤਰ੍ਹਾਂ ਦੇ ਮਾਮਲੇ ਵੀ ਆਏ ਹਨ ਕਿ ਪੰਜਾਬ ਪੁਲਿਸ ਨੇ ਕਈਆਂ ਵਿਅਕਤੀਆਂ ਤੇ ਝੂਠੇ ਡਰੱਗ ਦੇ ਕੇਸ ਪਾਏ ਹਨ ਅਤੇ ਕਈ ਵਾਰ ਡਰੱਗ ਦੇ ਮਾਮਲਿਆਂ ਦੀ ਢਿੱਲੀ ਤਫਤੀਸ਼ ਦੇ ਚਲਦਿਆਂ ਅਦਾਲਤਾਂ ਵਿੱਚ ਪੰਜਾਬ ਪੁਲਿਸ ਦੀ ਅਕਸਰ ਕਿਰਕਰੀ ਹੁੰਦੀ ਦੇਖੀ ਗਈ ਹੈ।
ਕਈ ਮਾਮਲਿਆਂ ਵਿੱਚ ਤਾਂ ਪੁਲਿਸ ਵੱਲੋਂ ਤਫਤੀਸ਼ ਦੇ ਵਿੱਚ ਵਰਤੀ ਜਾਂਦੀ ਲਾਪਰਵਾਹੀ ਦੇ ਚਲਦਿਆਂ ਕਈ ਲੋਕਾਂ ਨੂੰ ਮਹੀਨਿਆਂ ਵੱਧੀ ਜੇਲਾਂ ਵਿੱਚ ਰਹਿਣਾ ਪੈਂਦਾ ਹੈ। ਇਸ ਸਬੰਧੀ ਪੰਜਾਬ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਡਰੱਗ ਨੂੰ ਲੈ ਕੇ ਪੰਜਾਬ ਪੁਲਿਸ ਵਿੱਚ ਭਰਿਸ਼ਟਾਚਾਰ ਵੱਡੀ ਪੱਧਰ ਤੇ ਚੱਲ ਰਿਹਾ ਹੈ, ਇਥੋਂ ਤੱਕ ਕਿ ਅਜਿਹੇ ਕਈ ਮਾਮਲਿਆਂ ਵਿੱਚ ਕਈ ਪੁਲਿਸ ਵਾਲੇ ਵੀ ਜੇਲ੍ਹ ਵਿੱਚ ਜਾ ਚੁੱਕੇ ਹਨ ਅਤੇ ਕਈਆਂ ਦੀ ਜਾਂਚ ਵਿਜੀਲੈਂਸ ਵਿਭਾਗ ਕੋਲ ਚੱਲ ਰਹੀ ਹੈ, ਜਿਨਾਂ ਨੇ ਡਰੱਗ ਦੇ ਮਾਮਲੇ ਵਿੱਚ ਵੱਡੀ ਪੱਧਰ ਤੇ ਪੈਸਾ ਕਮਾਇਆ ਹੈ। ਇੱਥੇ ਇਹ ਗੱਲ ਕਰਨੀ ਵਾਜਿਬ ਹੋਵੇਗੀ ਕਿ ਪੰਜਾਬ ਵਿੱਚ ਖਾੜਕੂਵਾਦ ਤੋਂ ਬਾਅਦ ਡਰੱਗ ਦਾ ਹੀ ਅਜਿਹਾ ਦੌਰ ਸ਼ੁਰੂ ਹੋਇਆ ਹੈ ਜਿਸ ਵਿੱਚ ਪੰਜਾਬ ਪੁਲਿਸ ਤੇ ਅਫਸਰਾਂ ਨੇ ਵੱਡੀ ਪੱਧਰ ਤੇ ਪੈਸਾ ਕਮਾਇਆ ਹੈ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ਹਿਮਾਚਲ ਪੁਲਿਸ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੀ ਹੈ।
ਹਾਲਾਂਕਿ ਹਿਮਾਚਲ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਕੋਲ ਕਾਫੀ ਵਧੀਆ ਸਾਧਨ ਹਨ ਅਤੇ ਤਕਨੀਕੀ ਪੱਖ ਤੋਂ ਵੀ ਪੰਜਾਬ ਪੁਲਿਸ ਹਿਮਾਚਲ ਪੁਲਿਸ ਦੇ ਮੁਕਾਬਲੇ ਕਾਫੀ ਅੱਗੇ ਹੈ ਪਰ ਹਾਈਕੋਰਟ ਦੇ ਇਸ ਫੈਸਲੇ ਨੇ ਪੰਜਾਬ ਪੁਲਿਸ ਦੇ ਕਿਰਦਾਰ ਤੇ ਵੱਡਾ ਸਵਾਲ ਚੁੱਕਿਆ ਹੈ। ਇੱਥੇ ਹੀ ਨਹੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਨੇ ਇਸ ਗੱਲ ਨੂੰ ਵੀ ਸਾਬਿਤ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਟ੍ਰੇਨਿੰਗ ਸੈਂਟਰ ਡਰੱਗ ਦੇ ਮਾਮਲਿਆਂ ਵਿੱਚ ਤਫਤੀਸ਼ੀ ਤਕਨੀਕ ਸਮਝਾਉਣ ਵਿੱਚ ਫੇਲ੍ਹ ਹੋਏ ਹਨ, ਹਾਲਾਂਕਿ ਪੰਜਾਬ ਪੁਲਿਸ ਪਾਸ ਟ੍ਰੇਨਿੰਗ ਦੇ ਕਈ ਵੱਡੇ ਟ੍ਰੇਨਿੰਗ ਸੈਂਟਰ ਹਨ ਜਿਨਾਂ ਵਿੱਚ ਫਿਲੌਰ ਅਕੈਡਮੀ ਅਹਿਮ ਹੈ ਇਸ ਤੋਂ ਇਲਾਵਾ ਹੇਠਲੇ ਪੱਧਰ ਤੇ ਟ੍ਰੇਨਿੰਗ ਦੇਣ ਲਈ ਪੀਆਰਟੀਸੀ ਜਹਾਨ ਖੇਲਾਂ ਵੀ ਸ਼ਾਮਿਲ ਹੈ ਇੱਥੇ ਇਹ ਗੱਲ ਕਰਨੀ ਵੀ ਜਿਕਰਯੋਗ ਹੋਵੇਗੀ ਕਿ ਵੱਖ ਵੱਖ ਸਰਕਾਰਾਂ ਨੇ ਪੰਜਾਬ ਪੁਲਿਸ ਦੇ ਨਵੀਨੀਕਰਨ ਅਤੇ ਤਕਨੀਕੀ ਪੱਖ ਤੋਂ ਉੱਪਰ ਚੁੱਕਣ ਲਈ ਵੱਡੇ ਪੱਧਰ ਤੇ ਪੈਸੇ ਖਰਚੇ ਹਨ ਪਰ ਪੁਲਿਸ ਦੇ ਡਿੱਗਦੇ ਕਿਰਦਾਰ ਨੇ ਇਹਨਾਂ ਸਾਰੀਆਂ ਤਕਨੀਕਾਂ ਨੂੰ ਪਿੱਛੇ ਸੁੱਟ ਦਿੱਤਾ ਹੈ।