ਦਾ ਐਡੀਟਰ ਨਿਊਜ਼, ਜਲੰਧਰ —– ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਟੀਨੂੰ ਪਾਰਟੀ ‘ਚ ਸ਼ਾਮਲ ਹੋਣ ਲਈ ਚੰਡੀਗੜ੍ਹ ਸਥਿਤ ਸੀਐੱਮ ਹਾਊਸ ਪੁੱਜੇ ਸਨ। ਉਨ੍ਹਾਂ ਦੀ ਸ਼ਮੂਲੀਅਤ ਸੀ.ਐਮ ਮਾਨ ਸਮੇਤ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਹੋਈ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਈ ਸਮਰਥਕ ਵੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਟੀਨੂੰ ਦੇ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਟੀਨੂੰ ਜਲੰਧਰ ਸੀਟ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ਪਕੜ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ!!
ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ, ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਫੜਿਆ 'ਆਪ' ਦਾ ਪੱਲਾ। ਸਨਮਾਨ ਕਰਦੇ ਹੋਏ, CM @BhagwantMann ਨੇ ਕਰਵਾਈ ਪਾਰਟੀ 'ਚ ਸ਼ਮੂਲੀਅਤ।
ਟੀਨੂ ਜੀ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਨੇ। ਉਨ੍ਹਾਂ ਦੇ ਨਾਲ਼ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ… pic.twitter.com/7haY9R84CX
— AAP Punjab (@AAPPunjab) April 14, 2024
ਟੀਨੂੰ ਦੇ ਨਾਲ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ ਵੀ ‘ਆਪ’ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਚੰਨੀ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦਾ ਹਿੱਸਾ ਸਨ। ਪੋਸਟ ‘ਚ ਚੰਨੀ ਨੇ ਕਿਹਾ- ਉਹ ਅੰਦਰੂਨੀ ਸਿਆਸਤ ਕਾਰਨ ਪਾਰਟੀ ਛੱਡ ਰਹੇ ਹਨ। ਇਸ ਕਾਰਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।