ਦਾ ਐਡੀਟਰ ਨਿਊਜ਼. ਚੰਡੀਗੜ੍ਹ — ਪਿਛਲੇ ਕੁਝ ਦਿਨਾਂ ਵਿੱਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਵਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਵਿੱਚ ਅਫਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮੀ ਦੇ ਸਿਖਰ ’ਤੇ ਹੈ ਅਤੇ ਇਸ ਦੌਰਾਨ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਹਲਚਲ ਮਚੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ 18 ਵਿਧਾਇਕਾਂ ਨੇ ਕਥਿਤ ਤੌਰ ’ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਗੁਪਤ ਮੀਟਿੰਗ ਕੀਤੀ ਹੈ ਅਤੇ ਕਈ ਵਿਧਾਇਕ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ, ਇਥੋਂ ਤੱਕ ਕਿ ਦੁਆਬੇ ਨਾਲ ਸੰਬੰਧਿਤ ਇੱਕ ਮੰਤਰੀ ਵੀ ਕਥਿਤ ਤੌਰ ’ਤੇ ਭਾਜਪਾ ਦੇ ਸੰਪਰਕ ਵਿੱਚ ਹਨ, ਹਾਲਾਂਕਿ ਦਾ ਐਡੀਟਰ ਨਿਊਜ਼ ਇਹਨਾਂ ਅਫਵਾਹਾਂ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਰਾਜਨੀਤਿਕ ਹਲਕਿਆਂ ਅਤੇ ਆਮ ਆਦਮੀ ਪਾਰਟੀ ਵਿੱਚ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਹਲਚਲ ਮਚੀ ਹੋਈ ਹੈ, ਇਹੀ ਵਜ੍ਹਾ ਹੈ ਕਿ ਬੀਤੇ ਕੱਲ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਇਹ ਇਲਜ਼ਾਮ ਲਗਾਇਆ ਸੀ ਕਿ ਬਾਹਰਲੇ ਨੰਬਰਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਫੋਨ ਆ ਰਹੇ ਹਨ, ਜਿਸ ਵਿੱਚ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਧਮਕਾਇਆ ਜਾ ਰਿਹਾ ਹੈ, ਇਸ ਖਬਰ ਨੇ ਉਪਰੋਕਤ ਅਫਵਾਹਾਂ ਨੂੰ ਹੋਰ ਵੀ ਬਲ ਬਖਸ਼ਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜੇਕਰ ਇਹ ਗੱਲ ਸੱਚ ਹੋਈ ਤਾਂ ਭਾਜਪਾ ਸਮੂਹਿਕ ਅਤੇ ਵੱਡੇ ਪੱਧਰ ’ਤੇ ਵਿਧਾਇਕਾਂ ਕੋਲੋਂ ਅਸਤੀਫੇ ਦਿਵਾ ਕੇ ਸਰਕਾਰ ਨੂੰ ਘੱਟ ਗਿਣਤੀ ਵਿੱਚ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਅਤੇ ਪੰਜਾਬ ਵਿੱਚ ਦੁਬਾਰਾ ਚੋਣਾਂ ਕਰਾਉਣ ਵੱਲ ਨੂੰ ਲਿਜਾਇਆ ਜਾ ਸਕਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਤੋਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਵਿਧਾਇਕਾਂ ਅਤੇ ਮੰਤਰੀਆਂ ਦਾ ਕਥਿਤ ਭਰਿਸ਼ਟਾਚਾਰ ਦਾ ਕੱਚਾ ਚਿੱਠਾ ਇਕੱਠਾ ਕਰ ਰਹੀਆਂ ਹਨ ਜਿਸ ਦੇ ਬਲਬੂਤੇ ’ਤੇ ਭਾਜਪਾ ਪੰਜਾਬ ਵਿੱਚ ਕੋਈ ਵੱਡਾ ਖੇਲ ਖੇਡ ਸਕਦੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰ ਹੋਣ ਅਤੇ ਹਾਈ ਕੋਰਟ ਵੱਲੋਂ ਕੋਈ ਖਾਸ ਰਾਹਤ ਨਾ ਮਿਲਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਲਗਾਤਾਰ ਵਿਧਾਇਕਾਂ ਨੂੰ ਸੰਪਰਕ ਕਰਨ ਵਿੱਚ ਲੱਗੇ ਹੋਏ ਹਨ ਅਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਤੇ ਨਿਗਾਹ ਰੱਖਣ ਲਈ ਕਿਹਾ ਗਿਆ ਹੈ, ਕਿਉਂਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਝਟਕੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੈਰ ਉਖੜੇ ਪਏ ਹਨ।
ਅੱਜ ਹੋਰ ਸ਼ਾਮਿਲ ਹੋ ਸਕਦੇ ਨੇ ਭਾਜਪਾ ਵਿੱਚ ਆਪ ਦੇ ਨੇਤਾ
ਪੂਰੇ ਸੋਸ਼ਲ ਮੀਡੀਆ ਵਿੱਚ ਬੀਤੀ ਕੱਲ ਸ਼ਾਮ ਤੋਂ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦੇ ਕਥਿਤ ਤੌਰ ’ਤੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਪੂਰੇ ਜ਼ੋਰਾਂ ’ਤੇ ਹਨ, ਇਥੇ ਹੀ ਬੱਸ ਨਹੀਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਉਹਨਾਂ ਦੀਆਂ ਕਾਂਗਰਸ ਨਾਲ ਟਰਮਾਂ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲੀਆਂ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀ ਵੀ ਚਰਚਾ ਜੋਰਾ ’ਤੇ ਹੈ ਅਤੇ ਉਨਾਂ ਨੂੰ ਭਾਜਪਾ ਵਿੱਚ ਲਿਜਾਣ ਲਈ ਰਵਨੀਤ ਬਿੱਟੂ ਪੂਰਾ ਜ਼ੋਰ ਲਗਾ ਰਹੇ ਹਨ, ਇਸ ਤੋਂ ਪਹਿਲਾਂ ਇਹ ਵੀ ਚਰਚਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਵੀ ਰਹੇ ਹਨ ਅਤੇ ਉਨਾਂ ਦੇ ਆਪ ਵਿੱਚ ਸ਼ਾਮਿਲ ਹੋਣ ਦੇ ਵੀ ਚਰਚੇ ਚੱਲਦੇ ਰਹੇ ਹਨ।
ਬੈਕ ਗੇਅਰ ਮਾਰ ਸਕਦੇ ਨੇ ਰਾਜਕੁਮਾਰ ਚੱਬੇਵਾਲ
ਪਿਛਲੇ ਇੱਕ ਦਿਨ ਤੋਂ ਸੋਸ਼ਲ ਮੀਡੀਆ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉਹਨਾਂ ਬਾਰੇ ਇਹ ਖਬਰ ਚੱਲ ਰਹੀ ਸੀ ਕਿ ਉਹ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਪਰ ਦੇਰ ਸ਼ਾਮ ਉਹਨਾਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦਿਆਂ ਆਪ ਵਿੱਚ ਹੀ ਰਹਿਣ ਦਾ ਲੋਕਾਂ ਨੂੰ ਯਕੀਨ ਦਿਵਾਇਆ ਹੈ ਲੇਕਿਨ ਦਾ ਐਡੀਟਰ ਨਿਊਜ਼ ਤੇ ਸੂਤਰਾਂ ਮੁਤਾਬਿਕ ਡਾਕਟਰ ਰਾਜਕੁਮਾਰ ਚੱਬੇਵਾਲ ਬੈਕ ਗੇਅਰ ਵੀ ਮਾਰ ਕੇ ਵਾਪਸ ਕਾਂਗਰਸ ਵਿੱਚ ਜਾ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਗ੍ਰਾਫ ਪੂਰੀ ਤਰ੍ਰਾਂ ਹੇਠਲੇ ਪੱਧਰ ’ਤੇ ਆ ਚੁੱਕਾ ਹੈ ਅਤੇ ਬੀਤੇ ਦਿਨੀ ਉਹਨਾਂ ਵੱਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਵੀ ਠੁੱਸ ਹੋ ਕੇ ਰਹਿ ਗਿਆ ਅਤੇ ਉਹ ਕਾਂਗਰਸ ਵਿੱਚ ਵਾਪਸ ਆਉਣ ਲਈ ਕਈ ਕਾਂਗਰਸੀ ਨੇਤਾਵਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਖਬਰਾਂ ਦਾ ਖੰਡਨ ਕਰਨ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਹੁਣ ਨੇਤਾਵਾਂ ’ਤੇ ਕੋਈ ਭਰੋਸਾ ਨਹੀਂ ਰਿਹਾ ਕਿਉਂਕਿ ਚੱਬੇਵਾਲ ਇੱਕ ਦਿਨ ਪਹਿਲਾਂ ਸੰਗਲ ਲੈ ਕੇ ਵਿਧਾਨ ਸਭਾ ਵਿੱਚ ਜਾਂਦੇ ਹਨ ਅਤੇ ਦੂਜੇ ਦਿਨ ਉਹੀ ਸੰਗਲ ਆਪਣੇ ਗਲ ਵਿੱਚ ਪਾ ਕੇ ਆਪ ਵਿੱਚ ਸ਼ਾਮਿਲ ਹੋ ਜਾਂਦੇ ਹਨ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਫਾਇਨੈਂਸ ਮਨਿਸਟਰ ਹਰਪਾਲ ਸਿੰਘ ਚੀਮਾ ਵੀ ਪਿਛਲੇ 10-15 ਦਿਨ ਤੋਂ ਚੁੱਪ-ਚੁੱਪ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਖਾਮੋਸ਼ੀ ਵੀ ਆਮ ਆਦਮੀ ਪਾਰਟੀ ਨੂੰ ਅੰਦਰੋਂ ਅੰਦਰੀ ਰੜਕ ਰਹੀ ਹੈ, ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਈਡੀ ਦੇ ਰਡਾਰ ’ਤੇ ਹੈ ਜਿਸ ਵਿੱਚ ਹਰਪਾਲ ਚੀਮਾ ਦੀ ਕਥਿਤ ਤੌਰ ’ਤੇ ਅਹਿਮ ਭੂਮਿਕਾ ਹੈ।
ਰਾਘਵ ਚੱਢਾ ਖਾਮੋਸ਼ ਕਿਉਂ
ਪਿਛਲੇ ਕਰੀਬ ਇੱਕ ਮਹੀਨੇ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਅਹਿਮ ਨੇਤਾ ਰਾਘਵ ਚੱਢਾ ਦੀ ਖਾਮੋਸ਼ੀ ਸਾਰਿਆਂ ਨੂੰ ਰੜਕ ਰਹੀ ਹੈ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਵੀ ਉਹ ਖਾਸ ਨਾਂ ਬੋਲ ਸਕੇ ਹਾਲਾਂਕਿ ਉਹਨਾਂ ਬਾਰੇ ਚਰਚਾ ਇਹ ਹੈ ਕਿ ਉਹ ਯੂਕੇ ਗਏ ਹੋਏ ਸਨ ਅਤੇ ਉਹ ਵੀ ਭਾਜਪਾ ਦੇ ਸੰਪਰਕ ਵਿੱਚ ਹਨ ਸੋਸ਼ਲ ਮੀਡੀਆ ਦੇ ਬਾਜ਼ਾਰ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਰਾਘਵ ਚੱਢਾ ਵੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ।