ਕੌਮੀ ਪੁਰਸਕਾਰ ਜੇਤੂ ਪੰਚਾਇਤਾਂ ਦਾ ਕੇਂਦਰੀ ਮੰਤਰੀ ਤੋਮਰ ਵੱਲੋਂ ਸਨਮਾਨ
ਚੰਡੀਗੜ-ਭਾਰਤ ਸਰਕਾਰ ਵਲੋਂ ਹਰ ਸਾਲ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਦੀਆਂ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪਰ ਕਰੋਨਾ ਮਹਾਂਮਾਰੀ ਪ੍ਰਕੋਪ ਦੇ ਮੱਦੇਨਜ਼ਰ ਪੰਚਾਇਤੀ ਰਾਜ ਮੰਤਰਾਲੇ ਵਲੋਂ ਇਹ ਸਮਾਰੋਹ ਇਸ ਸਾਲ 24 ਅਪ੍ਰੈਲ ਪੰਚਾਇਤੀ ਰਾਜ ਦਿਵਸ ਮੌਕੇ ਆਯੋਜਿਤ ਨਹੀਂ ਹੋ ਸਕਿਆ ਸੀ । ਅੱਜ ਕੇਂਦਰੀ ਪੇਂਡੂ ਵਿਕਾਸ ਵਿਭਾਗ ਵਲੋਂ ਵੀਡਿਓ ਕਾਨਫਰੰਸ ਰਾਹੀਂ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਵਾਂ ਦਾ ਸਨਮਾਨ ਕੀਤਾ।ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਅਤੇ ਪਿੰਡਾਂ ਦੀ ਦਿੱਖ ਸਵਾਰਨ ਲਈ ਹੋਰ ਉਪਰਾਲੇ ਕਰਨ ਲਈ ਰਾਸ਼ਟਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਉਨਾਂ ਦੱਸਿਆ ਇਸ ਸਾਲ ਪੁਰਸਕਾਰਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਵਿਚ 55000 ਪੰਚਾਇਤੀ ਰਾਜ ਸੰਸਥਾਵਾਂ ਨੇ ਮੁਕਾਬਲੇ ਵਿਚ ਭਾਗ ਲਿਆ ਅਤੇ ਕੁੱਲ 306 ਕੌਮੀ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੀਆਂ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਸ਼੍ਰੀਮਤੀ ਸੀਮਾ ਜੈਨ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਵਿਭਾਗ, ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਾਲ ਵਿੱਚ ਪੰਜਾਬ ਰਾਜ ਦੀਆਂ 13 ਪੰਚਾਇਤੀ ਰਾਜ ਸੰਸਥਾਵਾਂ ਨੂੰ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।ਇਸ ਵਿੱਚ ਦੀਨ ਦਿਆਲ ਉਪਾਧਿਆਏ, ਪੰਚਾਇਤ ਸਸ਼ਤੀਕਰਨ ਪੁਰਸਕਾਰ ਅਧੀਨ ਇੱਕ ਜ਼ਿਲਾ ਪਰੀਸ਼ਦ, ਦੋ ਬਲਾਕ ਸੰਮਤੀ ਅਤੇ 7 ਗ੍ਰਾਮ ਪੰਚਾਇਤਾਂ, ਨਾਨਾ ਜੀ ਦੀ ਦੇਸ਼ਮੁੱਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ ਅਧੀਨ 1 ਗ੍ਰਾਮ ਪੰਚਾਇਤ, ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ)ਪੁਰਸਕਾਰ ਅਧੀਨ 1 ਗ੍ਰਾਮ ਪੰਚਾਇਤ ਅਤੇ ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਅਵਾਰਡ ਅਧੀਨ 1 ਗ੍ਰਾਮ ਪੰਚਾਇਤ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।