ਸ਼ਰਾਬ ਕਾਂਡ ਦੀ ਸੀਬੀਆਈ ਜਾਂਚ ਦੀ ਮੰਗ ਸਿਰਫ ਢਕਵੰਜ-ਅਰੁਨਾ ਚੌਧਰੀ
ਚੰਡੀਗੜ-ਜ਼ਹਿਰੀਲੀ ਸ਼ਰਾਬ ਕਾਂਡ ਨੂੰ ਮੰਦਭਾਗਾ ਦੱਸਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਅੱਜ ਕਿਹਾ ਕਿ ਪੰਜਾਬ ਪੁਲੀਸ ਇਸ ਸਮੁੱਚੇ ਕੇਸ ਨੂੰ ਹੱਲ ਕਰਨ ਵਿੱਚ ਸਮਰੱਥ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮਾਮਲੇ ਦੀ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦਾ ਆਦੇਸ਼ ਦਿੱਤਾ ਹੈ ਅਤੇ ਆਬਕਾਰੀ ਵਿਭਾਗ ਤੇ ਪੁਲੀਸ ਦੇ 13 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲੀਸ ਨੂੰ ਆਦੇਸ਼ ਦਿੱਤਾ ਹੈ ਕਿ ਸੂਬੇ ਵਿੱਚ ਜੇ ਕਿਤੇ ਨਕਲੀ ਸ਼ਰਾਬ ਬਣਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਹੁਣ ਤੱਕ ਸੂਬੇ ਭਰ ਵਿੱਚ 100 ਤੋਂ ਵੱਧ ਥਾਵਾਂ ਉਤੇ ਛਾਪੇ ਮਾਰੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਸ ਕਾਂਡ ਦੀ ਸੀ.ਬੀ.ਆਈ. ਜਾਂਚ ਦੀ ਮੰਗ ਬਾਰੇ ਉਨਾਂ ਕਿਹਾ ਕਿ ਇਹ ਮੰਗ ਸਿਰਫ਼ ਸਿਆਸੀ ਢਕਵੰਜ ਹੈ, ਜਦੋਂ ਕਿ ਪੰਜਾਬ ਪੁਲੀਸ ਇਸ ਤਰਾਂ ਦੇ ਵੱਡੀ ਗਿਣਤੀ ਕੇਸ ਹੱਲ ਕਰਨ ਦਾ ਤਜਰਬਾ ਰੱਖਦੀ ਹੈ।