ਦਾ ਐਡੀਟਰ ਨਿਊਜ.ਮੁਕੇਰੀਆ ———- ਮਣੀਪੁਰ ਵਿੱਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਵਿੱਚ ਜਿੱਥੇ ਸੂਬਾ ਤੇ ਕੇਂਦਰ ਦੀ ਭਾਾਜਪਾ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਉੱਥੇ ਹੀ ਔਰਤਾਂ ਨਾਲ ਕੀਤੇ ਗਏ ਅਣਮਨੁੱਖੀ ਵਤੀਰੇ ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਅਕਸ ਖਰਾਬ ਕਰ ਦਿੱਤਾ ਹੈ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆ ਤੋਂ ਅਕਾਲੀ ਦਲ ਦੇ ਇੰਚਾਰਜ ਤੇ ਜਨਰਲ ਸਕੱਤਰ ਸ.ਸਰਬਜੋਤ ਸਿੰਘ ਸਾਬੀ ਵੱਲੋਂ ਇੱੱਥੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮਣੀਪੁਰ ਵਿੱਚ ਨਿੱਤ ਦਿਨ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਜਾ ਰਹੇ ਹਨ, ਪੁਲਿਸ ਥਾਣਿਆਂ ਵਿੱਚੋਂ ਅਸਲਾ ਲੁੱਟਿਆ ਜਾ ਰਿਹਾ ਹੈ ਲੇਕਿਨ ਇਸ ਸਭ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ, ਹੋਰ ਤਾਂ ਹੋਰ ਇਸ ਮਾਮਲੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ।
ਸਰਬਜੋਤ ਸਾਬੀ ਨੇ ਕਿਹਾ ਕਿ ਦੇਸ਼ ਵਿੱਚ ਰਹਿਣ ਵਾਲੇ ਘੱਟ ਗਿਣਤੀ ਭਾਈਚਾਰਿਆਂ ਦੀ ਰਾਖੀ ਕਰਨਾ ਕੇਂਦਰ ਤੇ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਤਾਂ ਜੋ ਸਭ ਲੋਕ ਖੁਦ ਨੂੰ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰਨ ਲੇਕਿਨ ਇਸ ਤਰ੍ਹਾਂ ਦਾ ਸੁਖਾਵਾਂ ਮਾਹੌਲ ਦੇਣ ਵਿੱਚ ਭਾਜਪਾ ਦੀਆਂ ਸੂਬਾ ਤੇ ਕੇਂਦਰ ਸਰਕਾਰ ਅਸਫਲ ਸਾਬਿਤ ਹੋਈਆਂ ਹਨ ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਮਣੀਪੁਰ ਹਿੰਸਾ ਦੀ ਅੱਗ ਵਿੱਚ ਜਲ ਰਿਹਾ ਹੈ ਉੱਥੇ ਹੀ ਪਿਛਲੀ ਦਿਨੀਂ ਜੋ ਹਿੰਸਾ ਹਰਿਆਣਾ ਸੂਬੇ ਵਿੱਚ ਹੋਈ ਉਸ ਨੂੰ ਵੀ ਦੇਸ਼ ਨੇ ਦੇਖਿਆ ਤੇ ਇੱਥੇ ਵੀ ਸੂਬੇ ਦੀ ਭਾਜਪਾ ਸਰਕਾਰ ਹਿੰਸਾ ਨੂੰ ਰੋਕਣ ਵਿੱਚ ਅਸਫਲ ਸਾਬਿਤ ਹੋਈ ਜਦੋਂ ਕਿ ਇਸ ਨੂੰ ਰੋਕਿਆ ਜਾ ਸਕਦਾ ਸੀ।
ਸਰਬਜੋਤ ਸਾਬੀ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਲਈ ਆਵਾਜ ਬੁਲੰਦ ਕੀਤੀ ਹੈ ਤੇ ਭਵਿੱਖ ਵਿੱਚ ਵੀ ਆਵਾਜ ਬੁਲੰਦ ਕੀਤੀ ਜਾਂਦੀ ਰਹੇਗੀ ਇਸ ਲਈ ਭਾਜਪਾ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਵੋਟਾਂ ਲਈ ਦੇਸ਼ ਨੂੰ ਅੱਗ ਵਿੱਚ ਨਾ ਝੋਕਿਆ ਜਾਵੇ ਕਿਉਂਕਿ ਇਸਦੇ ਨਤੀਜੇ ਸਾਡੇ ਸਮਾਜ ਲਈ ਬੇਹੱਦ ਖਤਰਨਾਕ ਸਾਬਿਤ ਹੋਣਗੇ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਉਨ੍ਹਾਂ ਆਗੂਆਂ ਦੀ ਭੜਕਾਹਟ ਤੋਂ ਬਚਿਆ ਜਾਵੇ ਜੋ ਸਮਾਜ ਵਿੱਚ ਅੱਗ ਲਗਾ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਅਨਿਲ ਠਾਕੁਰ, ਲਖਵਿੰਦਰ ਸਿੰਘ ਟਿੰਮੀ, ਬਲਦੇਵ ਸਿੰਘ ਕੌਂਲਪੁਰ, ਲਖਵੀਰ ਸਿੰਘ ਮਾਨਾ, ਸਰਪੰਚ ਅਰਵਿੰਦਰ ਸਿੰਘ ਦੇਵੀਦਾਸ, ਰਛਪਾਲ ਸਿੰਘ ਰੰਗਾ, ਭਜਨ ਸਿੰਘ ਮਹਿੰਦੀਪੁਰ, ਕਿਸ਼ਨਪਾਲ ਸਿੰਘ ਬਿੱਟੂ, ਹਰਦੇਵ ਸਿੰਘ ਬੱਬੀ, ਅਸ਼ੋੋਕ ਸਿੰਘ ਜਲਾਲਾ, ਰਛਪਾਲ ਸਿੰਘ ਰੰਧਾਵਾ, ਸਾਬੀ ਦੇਵੀਦਾਸ, ਅਮਰਜੀਤ ਸਿੰਘ ਮਹਿੰਦੀਪੁਰ ਆਦਿ ਵੀ ਮੌਜੂਦ ਸਨ।