ਕਪੂਰਥਲਾ, 11 ਅਗਸਤ 2023 – ਪੰਜਾਬ ਦੇ ਮਸ਼ਹੂਰ ਸਿੰਗਰ ਸਿੰਗਾ ‘ਤੇ ਪਰਚਾ ਦਰਜ ਹੋਇਆ ਹੈ। ਪੰਜਾਬੀ ਗਾਇਕ ਸਿੰਗਾ ਦਾ ਪੂਰਾ ਨਾਂਅ ਮਨਪ੍ਰੀਤ ਸਿੰਘ ਸਿੰਗਾ ਹੈ। ਸਿੰਗਾ ਸਮੇਤ 5 ਲੋਕਾਂ ‘ਤੇ ਕਪੂਰਥਲਾ ਥਾਣਾ ਸਿਟੀ ਪੁਲਿਸ ਨੇ ਅਸ਼ਲੀਲਤਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ‘ਤੇ ਧਾਰਾ 294, 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ।
ਸਿੰਗਾ ‘ਤੇ ਪਰਚਾ ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮਨਪ੍ਰੀਤ ਸਿੰਘ ਉਰਫ ਸਿੰਗਾ ਨਿਵਾਸੀ ਪਿੰਡ ਜਾਗਣੀਵਾਲ ਹੁਸ਼ਿਆਰਪੁਰ ਜੋ ਪਹਿਲਾਂ ਵੀ ਗਾਣਿਆਂ ਵਿਚ ਹਥਿਆਰਾਂ ਨੂੰ ਪ੍ਰੋਮੋਟ ਕਰ ਕੇ ਨੌਜਵਾਨਾਂ ਨੂੰ ਗਲਤ ਰਸਤੇ ਪੈਣ ਲਈ ਉਕਸਾ ਰਿਹਾ ਹੈ।
ਉਨ੍ਹਾਂ ਸ਼ਿਕਾਇਤ ‘ਚ ਕਿਹਾ ਕਿ ਸਿੰਗਾ ਦਾ ਨਵਾਂ ਗੀਤ ਸਟਿਲ ਅਲਾਈਵ, ਜੋ ਇੱਕ ਮਹੀਨਾ ਪਹਿਲਾਂ ਲਾਂਚ ਹੋਇਆ ਸੀ ਪੰਜਾਬੀ ਚੈਨਲਾਂ ‘ਤੇ ਲਗਾਤਾਰ ਚੱਲ ਰਿਹਾ ਹੈ। ਇਹ ਗੀਤ ਅਸ਼ਲੀਲਤਾ ਨਾਲ ਭਰਪੂਰ ਹੈ। ਇਸ ਗੀਤ ਵਿੱਚ ਅਸ਼ਲੀਲ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸਮਾਜ ਵਿੱਚ ਅਸ਼ਲੀਲਤਾ ਫੈਲ ਰਹੀ ਹੈ। ਅਜਿਹੇ ਗੀਤ ਸੁਣਨ ਦੇ ਲਾਇਕ ਨਹੀਂ ਹਨ।
ਸਿੰਗਾ ਤੋਂ ਇਲਾਵਾ ਪੁਲਿਸ ਨੇ ਪ੍ਰੋਡਿਊਸਰ ਬਿੱਗ.ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਵੀਰੂਨ ਵਰਮਾ, ਸੋਨੂੰ ਗਿੱਲ ਡੀਓਪੀ ਅਤੇ ਗੀਤ ਦੀ ਐਡਿਟਿੰਗ ਕਰਨ ਵਾਲੇ ਜਤਿਨ ਅਰੋੜਾ ਨੂੰ ਨਾਮਜ਼ਦ ਕੀਤਾ ਹੈ।