ਦਾ ਐਡੀਟਰ ਨਿਊਜ਼, ਲਾਹੌਰ ——- ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਅੱਜ ਦੁਪਹਿਰੇ ਅਮਰ ਤਾਂਬਾ ਨੂੰ ਗੋਲੀਆਂ ਮਾਰੀਆਂ ਗਈਆਂ। ਇਹ ਅਮਰ ਤਾਂਬਾ ਉਹ ਵਿਅਕਤੀ ਹੈ ਜਿਸ ਨੇ 2013 ‘ਚ ਲਾਹੌਰ ਦੀ ਕੋਟ-ਲੱਖਪਤ ਜੇਲ੍ਹ ‘ਚ ਭਾਰਤੀ ਜਾਸੂਸ ਸਰਬਜੀਤ ‘ਤੇ ਹਮਲਾ ਕੀਤਾ ਸੀ, ਜਿਸ ‘ਚ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ ਸੀ। ਪਾਕਿਸਤਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਫਾਇਰਿੰਗ ਕੀਤੀ ਜਦ ਤਾਂਬਾ ਆਪਣੇ ਘਰ ਤੋਂ ਨਿੱਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਇੰਗਲੈਂਡ ਦੀ ਇੱਕ ਅਖਬਾਰ ‘ਦਾ ਗਾਰਡੀਅਨ’ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਭਾਰਤ ਦੀਆਂ ਖੁਫੀਆਂ ਏਜੰਸੀਆਂ ਵਿਦੇਸ਼ਾਂ ‘ਚ ਇੱਕ ਆਪ੍ਰੇਸ਼ਨ ਤਹਿਤ ਉਨ੍ਹਾਂ ਵਿਕਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜੋ ਭਾਰਤ ਵਿਰੋਧੀ ਹਨ ਅਤੇ ਅਖਬਾਰ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਇਸੇ ਕੜੀ ‘ਚ ਕੈਨੇਡਾ ‘ਚ ਭਾਈ ਹਰਦੀਪ ਸਿੰਘ ਨਿੱਝਰ ਅਤੇ ਇੰਗਲੈਂਡ ਦੇ ਅਵਤਾਰ ਸਿੰਘ ਖੰਡਾ ਨੂੰ ਟਾਰਗੇਟ ਕੀਤਾ ਗਿਆ ਸੀ। ਇਸ ਹਮਲੇ ਨੂੰ ਸਰਬਜੀਤ ਸਿੰਘ ਦੀ ਮੌਤ ਦੇ ਬਦਲੇ ਵੱਜੋਂ ਦੇਖਿਆ ਜਾ ਰਿਹਾ ਹੈ।