ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ. ਮੁਕਤਸਰ। ਜਲੰਧਰ ਦੇ ਐਸ.ਐਚ. ਓ. ਨਵਦੀਪ ਸਿੰਘ ਦਾ ਮਾਮਲਾ ਅਜੇ ਸੁਰਖੀਆਂ ਵਿੱਚ ਹੀ ਸੀ ਕਿ ਪੰਜਾਬ ਪੁਲਿਸ ਨੇ ਇੱਕ ਹੋਰ ਨਵਾਂ ਚੰਦ ਚਾੜ੍ਹ ਦਿੱਤਾ ਹੈ, ਹੁਣ ਨਵਾਂ ਮਾਮਲਾ ਮੁਕਤਸਰ ਸਾਹਿਬ ਦਾ ਸਾਹਮਣੇ ਆਇਆ ਹੈ, ਜਿੱਥੇ ਉਥੋਂ ਦੀ ਪੁਲਿਸ ਨੇ ਇੱਕ ਵਕੀਲ ਅਤੇ ਨੌਜਵਾਨ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ ਹੈ ਅਤੇ ਇਸ ਮਾਮਲੇ ਵਿੱਚ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਹਰ ਰੋਜ਼ ਦੇ ਤਮਾਮ ਦਾਅਵਿਆਂ ਦਾ ਮੂੰਹ ਚੜਾ ਰਹੀ ਹੈ, ਇਸ ਮਾਮਲੇ ਵਿੱਚ ਮੁਕਤਸਰ ਦੀ ਇੱਕ ਅਦਾਲਤ ਨੇ ਮੁਕਤਸਰ ਦੇ ਐਸ.ਪੀ. ਰਮਨਦੀਪ ਸਿੰਘ ਭੁੱਲਰ, ਡੀ. ਐਸ. ਪੀ. ਸੰਜੀਵ ਗੋਇਲ, ਮੁਕਤਸਰ ਦੇ ਸੀਆਈਏ ਦੇ ਇੰਚਾਰਜ ਰਮਨ ਕੁਮਾਰ ਕੰਬੋਜ, ਹੈੱਡ ਕਾਂਸਟੇਬਲ ਹਰਬੰਸ ਸਿੰਘ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਹੋਮਗਾਰਡ ਮੁਲਾਜਮ ਦਾਰਾ ਸਿੰਘ ਅਤੇ ਹੋਰ ਕਈ ਅਣਪਛਾਤੇ ਪੁਲਿਸ ਮੁਲਾਜ਼ਮ ਦੇ ਖਿਲਾਫ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਕਰਨ, ਗੈਰ ਕੁਦਰਤੀ ਸੈਕਸ ਲਈ ਉਕਸਾਉਣ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ ਤੇ ਜਾਨੋਂ ਮਾਰਨ ਦੀ ਧਮਕੀ ਦੇਣਾ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਪ੍ਰੈਕਟਿਸ ਕਰ ਰਹੇ ਵਕੀਲ ਵਰਿੰਦਰ ਸਿੰਘ ਨੇ ਮੁਕਤਸਰ ਸਾਹਿਬ ਦੇ ਸੀਜੇਐੱਮ ਦੇ ਸਾਹਮਣੇ ਜਿਹੜੇ ਸੀ. ਆਰ. ਪੀ. ਸੀ. ਦੀ ਧਾਰਾ 164 ਤਹਤ ਬਿਆਨ ਦਿੱਤੇ ਹਨ ਉਸ ਵਿੱਚ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਕਲਾਇੰਟ ਸ਼ੈਲਿੰਦਰਜੀਤ ਸਿੰਘ ਨੀਟਾ ਜਿਸ ਦਾ ਆਪਣੇ ਪਿੰਡ ਦੀ ਨਸ਼ਾ ਛਡਾਊ ਕਮੇਟੀ ਦੇ ਕੁਝ ਬੰਦਿਆਂ ਨਾਲ ਪੁਰਾਣਾ ਫੌਜਦਾਰੀ ਦਾ ਕੇਸ ਚੱਲ ਰਿਹਾ ਸੀ ਅਤੇ ਉਹ ਉਸ ਦੀ ਆੜ ਵਿੱਚ ਉਸ ਨੂੰ ਪਿੰਡ ਵਿੱਚ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੇ ਸਨ, ਉਸ ਨੂੰ ਮਿਲਣ ਆ ਰਹੇ ਹਰ ਵਿਅਕਤੀ ਦੀ ਤਲਾਸ਼ੀ ਲੈ ਰਹੇ ਸਨ ਅਤੇ ਉਸਦੇ ਘਰ ਵਿੱਚ ਵੜ ਕੇ ਤਲਾਸ਼ੀ ਲੈਂਦੇ ਸਨ, ਇਹਨਾਂ ਘਟਨਾਵਾਂ ਤੋਂ ਤੰਗ ਹੋ ਕੇ ਉਹ ਅਤੇ ਸ਼ਲਿੰਦਰਜੀਤ ਸਿੰਘ ਨੀਟਾ ਪਹਿਲਾਂ ਤਾਂ 14 ਸਤੰਬਰ ਨੂੰ ਜ਼ਿਲ੍ਹੇ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਨੂੰ ਮਿਲਣ ਗਏ ਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਐਸ. ਐਸ. ਪੀ. ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ, ਉਸੇ ਦਿਨ ਜਦ ਸ਼ਲਿੰਦਰ ਸਿੰਘ ਸ਼ਾਮ ਦੇ ਕਰੀਬ ਪੰਜ ਵਜੇ ਆਪਣੇ ਪਿੰਡ ਪੁੱਜਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਸੇ ਦਿਨ ਹੀ ਪਿੰਡ ਦੇ ਕੁਝ ਲੋਕ ਐਸਐਸਪੀ ਨੂੰ ਮਿਲ ਕੇ ਆਏ ਸਨ, ਸ਼ਾਮ ਦੇ ਕਰੀਬ ਪੰਜ ਵਜੇ ਸ਼ੈਲਿੰਦਰ ਸਿੰਘ ਨੇ ਵਕੀਲ ਬਰਿੰਦਰ ਸਿੰਘ ਨੂੰ ਦੱਸਿਆ ਕਿ ਉਸਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਵਕੀਲ ਨੇ ਉਸ ਨੂੰ ਥਾਣੇ ਜਾਣ ਲਈ ਬੁਲਾ ਲਿਆ ਅਤੇ ਉਸੇ ਦਿਨ ਸ਼ਾਮ ਨੂੰ ਜਦ ਉਹ ਥਾਣੇ ਸ਼ਿਕਾਇਤ ਦੇ ਕੇ ਬਾਹਰ ਨਿੱਕਲੇ ਤਾਂ ਵਕੀਲ ਬਰਿੰਦਰ ਸਿੰਘ ਆਪਣੀ ਪਤਨੀ ਨਾਲ ਆਪਣੀ ਸਕਿਊਰਪਿਓ ਗੱਡੀ ਵਿਚ ਜਾਣ ਲੱਗਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਸੀ. ਆਈ. ਏ. ਦੇ ਇੰਚਾਰਜ ਰਮਨ ਕੁਮਾਰ ਕੰਬੋਜ ਅਤੇ ਉਸਦੇ ਮੁਲਾਜ਼ਮ ਸਾਥੀਆਂ ਨੇ ਵਕੀਲ ਵਰਿੰਦਰ ਸਿੰਘ ਅਤੇ ਸ਼ਲਿੰਦਰ ਸਿੰਘ ਨੂੰ ਆਪਣੀ ਗੱਡੀ ਵਿੱਚ ਸੁੱਟ ਲਿਆ ਜਿਨ੍ਹਾਂ ਨਾਲ ਪਹਿਲਾਂ ਤਾਂ ਰਸਤੇ ਵਿੱਚ ਹੀ ਕੁੱਟਮਾਰ ਕਰਦੇ ਰਹੇ ਅਤੇ ਬਾਅਦ ਵਿੱਚ ਸਟਾਫ਼ ਵਿੱਚ ਵੀ ਜਾ ਕੇ ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ, ਇੱਥੋਂ ਤੱਕ ਕੇ ਉਨ੍ਹਾਂ ਦੀਆਂ ਲੱਤਾਂ ਨੂੰ ਕਾਠ ਵਿੱਚ ਬੰਨ੍ਹ ਦਿੱਤਾ ਗਿਆ, ਇਥੋਂ ਤੱਕ ਕਿ ਰਮਨ ਕੁਮਾਰ ਕੰਬੋਜ ਨੇ ਆਪਣਾ ਰਿਵਾਲਵਰ ਕੱਢ ਕੇ ਉਨ੍ਹਾਂ ਨੂੰ ਐਨਕਾਊਂਟਰ ਕਰਨ ਦੀ ਧਮਕੀ ਦਿੱਤੀ, ਵਰਿੰਦਰ ਸਿੰਘ ਨੇ ਜਿਹੜੇ ਬਿਆਨ ਸੀਜੀਐਮ ਨੂੰ ਦਿੱਤੇ ਹਨ ਉਹਦੇ ਵਿੱਚ ਦੱਸਿਆ ਹੈ ਕਿ ਇਸੇ ਦੌਰਾਨ ਰਮਨ ਕੁਮਾਰ ਨੂੰ ਇਕ ਫੋਨ ਆਉਂਦਾ ਹੈ, ਜਿਸ ਵਿੱਚ ਵਰਿੰਦਰ ਸਿੰਘ ਦੀ ਵਕੀਲ ਹੋਣ ਦੀ ਪੁਸ਼ਟੀ ਹੁੰਦੀ ਹੈ ਇਸੇ ਦੌਰਾਨ ਹੀ ਉਹਨਾਂ ਨੂੰ ਸਿਟੀ ਥਾਣੇ ਲਿਜਾਇਆ ਜਾਂਦਾ ਹੈ ਤੇ ਉਥੇ ਗਿ੍ਰਫਤਾਰੀ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸੀਆਈਏ ਸਟਾਫ ਲਿਆਂਦਾ ਜਾਂਦਾ ਹੈ, ਜਿੱਥੇ ਦੇਰ ਰਾਤ ਫਿਰ ਉਨ੍ਹਾਂ ਤੇ ਤਸ਼ੱਦਤ ਕੀਤਾ ਜਾਂਦਾ ਹੈ, ਇਸੇ ਦੌਰਾਨ ਕਰੀਬ ਰਾਤ 12 ਵਜੇ ਐੱਸ. ਪੀ. ਰਮਨਦੀਪ ਸਿੰਘ ਭੁੱਲਰ ਵੀ ਉੱਥੇ ਪੁੱਜ ਜਾਂਦੇ ਹਨ ਅਤੇ ਉਨ੍ਹਾਂ ਦੀ ਆਉਂਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਸੇ ਦੌਰਾਨ ਇਕ ਬਹੁਤ ਗ਼ੈਰ ਮਨੁੱਖੀ ਵਿਵਹਾਰ ਸਾਹਮਣੇ ਆਉਂਦਾ ਹੈ ਕਿ ਵਰਿੰਦਰ ਸਿੰਘ ਅਤੇ ਸ਼ਲਿੰਦਰ ਸਿੰਘ ਇਨ੍ਹਾਂ ਦੋਵਾਂ ਦੇ ਗੁਪਤ ਅੰਗਾਂ ਨੂੰ ਇੱਕ ਦੂਜੇ ਦੇ ਮੂੰਹ ਵਿੱਚ ਪੁਆਇਆ ਗਿਆ, ਜਿਸ ਦੀ ਸਾਰੀ ਵੀਡੀਓਗ੍ਰਾਫੀ ਹਰਬੰਸ ਸਿੰਘ ਕਰ ਰਿਹਾ ਸੀ ਅਤੇ ਐਸਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਹੁਣ ਇਹ ਬਾਹਰ ਜਾ ਕੇ ਨਹੀਂ ਬੋਲਣਗੇ ਤੇ ਜੇਕਰ ਇਹ ਬੋਲਣਗੇ ਤਾਂ ਇਹਨਾਂ ਦੀ ਵੀਡੀਓ ਲੀਕ ਕਰ ਦਿੱਤੀ ਜਾਵੇਗੀ ਅਤੇ ਨਾਲ ਹੀ ਧਮਕੀ ਦਿੱਤੀ ਗਈ ਕਿ ਜੇਕਰ ਬਾਹਰ ਕਿਸੇ ਨਾਲ ਗੱਲ ਕੀਤੀ ਤਾਂ ਜੇਲ੍ਹ ਅੰਦਰ ਗੈਂਗਸਟਰਾਂ ਕੋਲੋਂ ਮਰਵਾ ਦਿੱਤਾ ਜਾਵੇਗਾ। ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਇਹ ਡਰਦੇ ਮਾਰੇ ਕੁੱਝ ਨਹੀਂ ਬੋਲੇ ਅਤੇ ਇਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ, ਬਾਅਦ ਵਿੱਚ ਜਦ ਇਸ ਘਟਨਾ ਬਾਰੇ ਮੁਕਤਸਰ ਸਾਹਿਬ ਦੀ ਬਾਰ ਐਸੋਸੀਏਸ਼ਨ ਨੂੰ ਪਤਾ ਲੱਗਦਾ ਹੈ ਤਾਂ ਇਕ ਦਰਖਾਸਤ ਸੀਜੇਐਮ ਨੂੰ ਦਿੱਤੀ ਜਾਂਦੀ ਹੈ ਜਿਸ ਤੇ ਅਦਾਲਤ ਨੇ ਉਹਨਾਂ ਨੂੰ ਜੇਲ੍ਹ ਤੋਂ ਬੁਲਾ ਕੇ ਪਹਿਲਾਂ ਮੈਡੀਕਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਸੀਆਰਪੀਸੀ ਧਾਰਾ 1044 ਤਹਿਤ ਬਿਆਨ ਲਏ ਗਏ ਅਤੇ ਸੀਜੇਐਮ ਨੇ ਥਾਣਾ ਸਦਰ ਦੇ ਐਸ.ਐਚ.ਓ ਨੂੰ ਐੱਸ. ਪੀ. ਰਮਨਦੀਪ ਸਿੰਘ ਭੁੱਲਰ, ਡੀਐੱਸਪੀ ਸੰਜੀਵ ਗੋਇਲ, ਸੀਆਈਏ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਬਾਕੀ ਮੁਲਾਜ਼ਮਾਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਵਕੀਲ ਵਰਿੰਦਰ ਸਿੰਘ ਦੇ ਕਰਵਾਏ ਗਏ ਮੈਡੀਕਲ ਵਿੱਚ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਪਰ 13 ਸੱਟਾਂ ਦੀ ਪੁਸ਼ਟੀ ਹੋਈ ਹੈ।
ਇਸ ਸਬੰਧੀ ਜ਼ਿਲ੍ਹੇ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਐਸਪੀ ਰਮਨ ਦੀਪ ਸਿੰਘ ਭੁੱਲਰ ਡੀ ਐਸ ਪੀ ਸੁਨੀਲ ਗੋਇਲ ਅਤੇ ਸੀ ਆਈ ਏ ਸਟਾਫ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨਾਲ ਉਨ੍ਹਾਂ ਦੇ ਟੈਲੀਫੋਨ ਤੇ ਲਗਾਤਾਰ ਸੰਪਰਕ ਕੀਤਾ ਗਿਆ ਅਤੇ ਇਹਨਾਂ ਸਾਰੇ ਅਧਿਕਾਰੀਆਂ ਵਿੱਚੋਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਇਸ ਸਬੰਧੀ ਥਾਣਾ ਸਦਰ ਤੇ ਐਸ ਐਚ ਓ ਮਲਕੀਤ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਪੁਸ਼ਟੀ ਕਿਹਾ ਕਿ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਅਦਾਲਤ ਦੇ ਹੁਕਮਾਂ ਦੇ ਸੰਬੰਧ ਵਿਚ ਡੀ ਏ ਲੀਗਲ ਤੋਂ ਕਾਨੂੰਨੀ ਰਾਏ ਮੰਗੀ ਜਾ ਰਹੀ ਹੈ ਕਿਉਂਕਿ ਅਦਾਲਤ ਨੇ ਸਿਰਫ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਸਨ, ਪਰ ਕਿਸ ਧਾਰਾਵਾਂ ਤਹਿਤ ਪਰਚਾ ਦਰਜ ਕਰਨਾ ਹੈ, ਇਸ ਬਾਰੇ ਜਿਕਰ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਲੈ ਕੇ ਮੁਕਤਸਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਹੜਕੰਪ ਮੱਚਿਆ ਹੋਇਆ ਹੈ ਅਤੇ ਇਹ ਪੁਲਿਸ ਅਧਿਕਾਰੀ ਆਪਣੇ ਖਿਲਾਫ਼ ਹੋ ਰਹੀ ਕਾਰਵਾਈ ਤੋਂ ਬਚਣ ਲਈ ਹਰ ਚਾਰਾਜੋਈ ਲੱਗੇ ਹੋਏ ਹਨ।