ਨਵੀਂ ਦਿੱਲੀ, 2 ਸਤੰਬਰ 2023 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਜੈੱਟ ਏਅਰਵੇਜ਼ (ਇੰਡੀਆ) ਲਿਮਟਿਡ ਦੇ ਸੰਸਥਾਪਕ (ਫਾਊਂਡਰ) ਨਰੇਸ਼ ਗੋਇਲ ਨੂੰ ਬੈਂਕ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ‘ਤੇ 538 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। 74 ਸਾਲਾ ਗੋਇਲ ਨੂੰ ਅੱਜ (2 ਸਤੰਬਰ) ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਈਡੀ ਉਸ ਦੀ ਹਿਰਾਸਤ ਦੀ ਮੰਗ ਕਰੇਗਾ।
ਗੋਇਲ ਨੂੰ ਸ਼ੁੱਕਰਵਾਰ ਨੂੰ ਈਡੀ ਦੇ ਮੁੰਬਈ ਦਫ਼ਤਰ ‘ਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਲੰਬੀ ਪੁੱਛਗਿੱਛ ਤੋਂ ਬਾਅਦ, ਉਸ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਈਡੀ ਵੱਲੋਂ ਦੋ ਵਾਰ ਬੁਲਾਏ ਜਾਣ ‘ਤੇ ਉਹ ਪੇਸ਼ ਨਹੀਂ ਹੋਇਆ ਸੀ।
ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਇਸ ਸਾਲ ਮਈ ਵਿੱਚ ਦਰਜ ਕੀਤੀ ਗਈ ਐਫਆਈਆਰ ‘ਤੇ ਅਧਾਰਤ ਹੈ। ਇਸ ਮਾਮਲੇ ਵਿੱਚ ਨਰੇਸ਼ ਗੋਇਲ ਦੀ ਪਤਨੀ ਅਨੀਤਾ, ਜੈੱਟ ਏਅਰਵੇਜ਼ ਏਅਰਲਾਈਨ ਦੇ ਸਾਬਕਾ ਡਾਇਰੈਕਟਰ ਗੌਰਾਂਗ ਆਨੰਦ ਸ਼ੈੱਟੀ ਅਤੇ ਕੁਝ ਹੋਰ ਵੀ ਮੁਲਜ਼ਮਾਂ ਵਿੱਚ ਸ਼ਾਮਲ ਹਨ।
ਕੇਨਰਾ ਬੈਂਕ ਨੇ ਨਰੇਸ਼ ਗੋਇਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਐਫਆਈਆਰ ਵਿੱਚ ਕਿਹਾ ਗਿਆ ਸੀ ਕਿ ਉਸ ਨੇ 848.86 ਕਰੋੜ ਰੁਪਏ ਦੀ ਕ੍ਰੈਡਿਟ ਲਿਮਿਟ ਅਤੇ ਕਰਜ਼ਾ ਮਨਜ਼ੂਰੀ ਕੀਤੀ ਸੀ, ਜਿਸ ਵਿੱਚੋਂ 538.62 ਕਰੋੜ ਰੁਪਏ ਬਕਾਇਆ ਹਨ।
ਸੀਬੀਆਈ ਨੇ 5 ਮਈ ਨੂੰ ਗੋਇਲ ਦੇ ਮੁੰਬਈ ਸਥਿਤ ਦਫ਼ਤਰ ਸਮੇਤ 7 ਟਿਕਾਣਿਆਂ ਦੀ ਤਲਾਸ਼ੀ ਲਈ ਸੀ। ਆਪਰੇਸ਼ਨ ਦੌਰਾਨ ਨਰੇਸ਼ ਗੋਇਲ, ਅਨੀਤਾ ਗੋਇਲ ਅਤੇ ਗੌਰਾਂਗ ਆਨੰਦ ਸ਼ੈਟੀ ਦੇ ਘਰਾਂ ਅਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ।
ਸੀਬੀਆਈ ਦੀ ਐਫਆਈਆਰ ਦੇ ਆਧਾਰ ’ਤੇ ਈਡੀ ਨੇ 19 ਜੁਲਾਈ ਨੂੰ ਗੋਇਲ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਫਿਰ ਈਡੀ ਨੇ ਗੋਇਲ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਲਈ। ਇਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ।
ਬੈਂਕ ਨੇ ਦੋਸ਼ ਲਾਇਆ ਕਿ ਕੰਪਨੀ ਦੇ ਫੋਰੈਂਸਿਕ ਆਡਿਟ ਤੋਂ ਪਤਾ ਲੱਗਾ ਹੈ ਕਿ ਉਸਨੇ ਕੁੱਲ ਕਮਿਸ਼ਨ ਖਰਚਿਆਂ ਵਿੱਚੋਂ “ਸਬੰਧਤ ਕੰਪਨੀਆਂ” ਨੂੰ 1,410.41 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਤਰ੍ਹਾਂ ਕੰਪਨੀ ਤੋਂ ਇਹ ਪੈਸਾ ਕਢਵਾ ਲਿਆ ਗਿਆ।
ਇਸ ਵਿਚ ਕਿਹਾ ਗਿਆ ਹੈ ਕਿ ਗੋਇਲ ਪਰਿਵਾਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ, ਫੋਨ ਬਿੱਲਾਂ ਅਤੇ ਵਾਹਨਾਂ ਦੇ ਖਰਚੇ ਵਰਗੇ ਨਿੱਜੀ ਖਰਚਿਆਂ ਦਾ ਭੁਗਤਾਨ ਜੈੱਟ ਦੀ ਸਹਾਇਕ ਕੰਪਨੀ ਜੈੱਟ ਲਾਈਟ (ਇੰਡੀਆ) ਜਾਂ ਜੇਆਈਐਲ ਤੋਂ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਤੋਂ ਇਲਾਵਾ, ਫੋਰੈਂਸਿਕ ਆਡਿਟ ਨੇ ਖੁਲਾਸਾ ਕੀਤਾ ਕਿ ਜੇਆਈਐਲ ਦੁਆਰਾ ਅਗਾਊਂ ਭੁਗਤਾਨਾਂ ਅਤੇ ਨਿਵੇਸ਼ਾਂ ਰਾਹੀਂ ਫੰਡਾਂ ਦੀ ਚੋਰੀ ਕੀਤੀ ਗਈ ਸੀ।
ਵਿਵਾਦਾਂ ‘ਚ ਘਿਰਨ ਤੋਂ ਬਾਅਦ ਕਈ ਏਜੰਸੀਆਂ ਜੈੱਟ ਏਅਰਵੇਜ਼ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਵਿੱਚ ਈਡੀ, ਸੀਬੀਆਈ, ਇਨਕਮ ਟੈਕਸ ਅਤੇ ਐਸਐਫਆਈਓ ਸ਼ਾਮਲ ਹਨ।
ਜੈੱਟ ਏਅਰਵੇਜ਼ ਇੱਕ ਸਮੇਂ ਭਾਰਤ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨਾਂ ਵਿੱਚੋਂ ਇੱਕ ਸੀ ਅਤੇ ਦੱਖਣੀ ਏਸ਼ੀਆਈ ਦੇਸ਼ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਦਾ ਦਰਜਾ ਪ੍ਰਾਪਤ ਕਰਦਾ ਸੀ। ਪਰ, ਕਰਜ਼ੇ ਦੇ ਬੋਝ ਕਾਰਨ, ਜੈੱਟ ਏਅਰਵੇਜ਼ ਨੂੰ 17 ਅਪ੍ਰੈਲ 2019 ਨੂੰ ਅੰਡਰ-ਗਰਾਉਂਡ ਹੋ ਗਈ ਸੀ।
1990 ਦੇ ਦਹਾਕੇ ਦੇ ਸ਼ੁਰੂ ਵਿੱਚ, ਟਿਕਟਿੰਗ ਏਜੰਟ ਤੋਂ ਉੱਦਮੀ ਬਣੇ ਨਰੇਸ਼ ਗੋਇਲ ਨੇ ਲੋਕਾਂ ਨੂੰ ਏਅਰ ਇੰਡੀਆ ਦਾ ਵਿਕਲਪ ਦੇਣ ਲਈ ਜੈੱਟ ਏਅਰਵੇਜ਼ ਦੀ ਸ਼ੁਰੂਆਤ ਕੀਤੀ। ਇੱਕ ਸਮੇਂ ਜੈੱਟ ਕੋਲ ਕੁੱਲ 120 ਜਹਾਜ਼ ਸਨ। ‘ਦ ਜੋਏ ਆਫ ਫਲਾਇੰਗ’ ਟੈਗ ਲਾਈਨ ਵਾਲੀ ਕੰਪਨੀ ਨੇ ਜਦੋਂ ਆਪਣੇ ਸਿਖਰ ‘ਤੇ ਸੀ, ਤਾਂ ਇਕ ਦਿਨ ਵਿਚ 650 ਉਡਾਣਾਂ ਚਲਾਉਂਦੀਆਂ ਸਨ। ਜਦੋਂ ਕੰਪਨੀ ਬੰਦ ਹੋਈ ਤਾਂ ਉਸ ਕੋਲ ਸਿਰਫ਼ 16 ਜਹਾਜ਼ ਹੀ ਬਚੇ ਸਨ। ਮਾਰਚ 2019 ਤੱਕ ਕੰਪਨੀ ਦਾ ਘਾਟਾ 5,535.75 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।