– ਹਰ ਮਹੀਨੇ 5 ਕਰੋੜ ਰੁਪਏ ਦੇ ਗੁੰਡਾ ਟੈਕਸ ਦੀ ਵਸੂਲੀ
– ਮਾਈਨਿੰਗ ਵਿਭਾਗ ਦੇ ਨਾਕਿਆਂ ਉੱਪਰ ਵੀ ਮਾਫੀਏ ਦਾ ਕਬਜ਼ਾ
ਦਾ ਐਡੀਟਰ ਨਿਊਜ. ਚੰਡੀਗੜ੍ਹ ——- 2022 ਤੋਂ ਪਹਿਲਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮਾਈਨਿੰਗ ਵਿੱਚੋਂ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦੀ ਜੋ ਗੱਲ ਕਰਦੇ ਸੀ ਉਹ ਦਰੁਸਤ ਸੀ ਲੇਕਿਨ ਆਪ ਸਰਕਾਰ ਵਿੱਚ ਸਰਗਰਮ ਮਾਈਨਿੰਗ ਮਾਫੀਆ ਉਸ ਦਾਅਵੇ ਉੱਪਰ ਪਾਣੀ ਫੇਰ ਰਹੇ ਹਨ, ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਅਤੇ ਮੁਕੇਰੀਆ ਅਧੀਨ ਆਉਦੇ ਸਟੋਨ ਕਰੈਸ਼ਰਾਂ ਤੋਂ ਮੌਜੂਦਾ ਸਮੇਂ ਮਾਈਨਿੰਗ ਵਿਭਾਗ ਦੀ ਨਿਗਰਾਨੀ ਹੇਠ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਸ ਗੁੰਡਾ ਟੈਕਸ ਦੀ ਅਗਵਾਈ ਸਿੰਗਲੇ ਨਾਮ ਦਾ ਇੱਕ ਵੱਡਾ ਵਿਅਕਤੀ ਕਰ ਰਿਹਾ ਦੱਸਿਆ ਜਾ ਰਿਹਾ ਹੈ ਜਿਸਦੀ ਮਾਈਨਿੰਗ ਸਫਾ ਵਿੱਚ ਪੂਰੀ ਚਰਚਾ ਹੈ।

ਜਾਣਕਾਰੀ ਅਨੁਸਾਰ ਦਸੂਹਾ ਤੇ ਮੁਕੇਰੀਆ ਡਵੀਜ਼ਨ ਵਿੱਚ ਜਾਣ ਵਾਲੇ ਰੇਤਾ ਤੇ ਬਜਰੀ ਦੇ ਪ੍ਰਤੀ ਟਿੱਪਰ ਤੋਂ 700 ਰੁਪਏ ਵਸੂਲੀ ਤੇ ਡਵੀਜ਼ਨ ਤੋਂ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਜਾਣ ਵਾਲੇ ਰੇਤਾ ਤੇ ਬਜਰੀ ਦੇ ਟਿੱਪਰਾਂ ਤੋ 1000 ਰੁਪਏ ਵਸੂਲੀ ਅਤੇ ਹਿਮਾਚਲ ਤੋਂ ਆਉਣ ਵਾਲੇ ਟਿੱਪਰਾਂ ਤੋਂ 1200 ਰੁਪਏ ਪ੍ਰਤੀ ਟਿੱਪਰ ਨਜ਼ਾਇਜ ਢੰਗ ਨਾਲ ਪੈਸੇ ਵਸੂਲੇ ਜਾ ਰਹੇ ਹਨ। ਇਹ ਨਜਾਇਜ਼ ਵਸੂਲੀ ਸਿੰਗਲਾ ਨਾਮ ਦਾ ਵਿਅਕਤੀ ਆਪਣੇ ਕਰੀਬੀ ਕਰਿੰਦੇ ਗੱਗੀ ਦੇ ਜ਼ਰੀਏ ਕਰ ਰਿਹਾ ਹੈ ਜਿਸਦੇ ਵਿਅਕਤੀ ਇਹ ਗੁੰਡਾ ਟੈਕਸ ਵਸੂਲਣ ਲਈ ਦਸੂਹਾ ਅਤੇ ਮੁਕੇਰੀਆ ਅਧੀਨ ਆਉਣ ਵਾਲੀਆਂ ਮਾਈਨਿੰਗ ਚੈਕ ਪੋਸਟਾਂ ਅੱਡਾ ਕੁੱਲੀਆ ਲੁਬਾਣਾ ,ਅਮਰੋਹ, ਹੰਢਵਾਲ ਤੇ ਮਾਨਸਰ ਵਿੱਚ ਰੋਜਾਨਾ ਬੈਠਦੇ ਹਨ। ਸਿੰਗਲੇ ਤੇ ਗੱਗੀ ਦੇ ਕਰਿੰਦੇ ਰੋਜ਼ਾਨਾ ਕਰੈਸ਼ਰਾਂ ਤੋਂ ਆਉਣ ਵਾਲੇ ਟਿੱਪਰਾਂ ਦੀ ਗਿਣਤੀ ਕਰਦੇ ਹਨ ਤੇ ਸ਼ਾਮ ਨੂੰ ਇਹ ਕਰਿੰਦੇ ਸੰਬੰਧਿਤ ਕਰੈਸ਼ਰਾਂ ’ਤੇ ਜਾ ਕੇ ਉਗਰਾਹੀ ਕਰਦੇ ਹਨ।
ਜਾਣਕਾਰੀ ਅਨੁਸਾਰ ਰੋਜ਼ਾਨਾ ਇਸ ਇਲਾਕੇ ਵਿੱਚੋਂ ਦਿਨ- ਰਾਤ ਦੇ ਸਮੇਂ 700-800 ਟਿੱਪਰ ਰੇਤਾ-ਬਜ਼ਰੀ ਲੈ ਕੇੇ ਨਿੱਕਲ ਰਹੇ ਹਨ ਤੇ ਇਸ ਤਰ੍ਹਾਂ ਪ੍ਰਤੀ ਮਹੀਨੇ 5 ਕਰੋੜ ਰੁਪਏ ਤੋ ਵੱਧ ਦਾ ਚੂਨਾ ਪੰਜਾਬ ਸਰਕਾਰ ਨੂੰ ਲਗਾਇਆ ਜਾ ਰਿਹਾ ਹੈ। ਚਰਚਾ ਇਹ ਵੀ ਹੈ ਕਿ ਮੌਜੂਦਾ ਸਰਕਾਰ ਦੇ ਇੱਕ ਮੰਤਰੀ ਦੇ ਰਿਸ਼ਤੇਦਾਰ ਦੀ ਵੀ ਇਸ ਮਾਮਲੇ ਵਿੱਚ ਪੂਰੀ ਸ਼ਮੂਲੀਅਤ ਹੈ ਤੇ ਇਹ ਲੋਕ ਪ੍ਰਤੀ ਸਟੋਨ ਕਰੈਸ਼ਰ ਤੋਂ 13.50 ਲੱਖ ਰੁਪਏ ਪ੍ਰਤੀ ਮਹੀਨੇ ਦੀ ਵਸੂਲੀ ਕਰ ਰਹੇ ਹਨ। ਸਿੰਗਲੇ ਦੀ ਪਹੁੰਚ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਰੇਤ ਬਜ਼ਰੀ ਲੈ ਕੇ ਜਾਂਦੇ ਟਿੱਪਰਾਂ ਦੇ ਬਿੱਲ ਚੈਕ ਕਰਨ ਲਈ ਜੋ ਵੱਖ ਵੱਖ ਥਾਂਵਾਂ ’ਤੇ ਨਾਕੇ ਲਗਾਏ ਜਾਂਦੇ ਹਨ ਉਨ੍ਹਾਂ ਥਾਵਾਂ ਉੱਪਰ ਵੀ ਇਸਦੇ ਕਰਿੰਦੇ ਬੈਠਦੇ ਹਨ ਜੋ ਕੇ ਟਿੱਪਰਾਂ ਦੀ ਗਿਣਤੀ ਕਰਦੇ ਹਨ। ਜਿਕਰਯੋਗ ਹੈ ਕਿ ਹਲਕਾ ਦਸੂਹਾ ਅਤੇ ਮੁਕੇਰੀਆ ਵਿੱਚ ਤਕਰੀਬਨ 26 ਸਟੋਨ ਕਰੈਸ਼ਰ ਚੱਲ ਰਹੇ ਹਨ ਜਿਨਾਂ ਤੋਂ ਇਹ ਮਾਫੀਆ 13.50 ਲੱਖ ਰੁਪਏ ਦੇ ਹਿਸਾਬ ਨਾਲ ਨਜ਼ਾਇਜ ਵਸੂਲੀ ਕਰ ਰਿਹਾ ਹੈ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾ ਤੱਕ ਇਸ ਇਲਾਕੇ ਦੇ ਸਾਰੇ ਸਟੋਨ ਕਰੈਸ਼ਰਾਂ ਦੀ ਪੰਜਾਬ 90 ਕਰੋੜ ਤੋਂ ਵੱਧ ਰਾਇਲਟੀ ਦੀ ਦੇਣਦਾਰੀ ਬਕਾਇਆ ਸੀ, ਜਿਸ ਵਿੱਚੋਂ ਕੁੱਝ ਸਟੋਨ ਕਰੈਸ਼ਰਾਂ ਦੇ ਮਾਲਿਕਾਂ ਵੱਲੋ ਆਪਣੀ ਜੁਰਮਾਨਾ ਰਾਸ਼ੀ ਦੀਆਂ ਪਹਿਲੀਆਂ ਕਿਸ਼ਤਾਂ ਅਦਾ ਕਰਕੇ ਕਰੈਸ਼ਰਾਂ ਨੂੰ ਚਾਲੂ ਕੀਤਾ ਗਿਆ ਹੈ ਤੇ ਰਹਿੰਦੀ ਜੁਰਮਾਨਾ ਰਾਸ਼ੀ ਆਉਣ ਵਾਲੇ ਸਮੇ ਵਿੱਚ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ ਲੇਕਿਨ ਹਾਜੀਪੁਰ ਅਤੇ ਤਲਵਾੜਾ ਇਲਾਕੇ ਵਿੱਚ ਕਈ ਅਜਿਹੇ ਕਰੈਸ਼ਰ ਹਨ ਜੋ ਕਿ ਬਿਨਾਂ ਜੁਰਮਾਨਾ ਰਾਸ਼ੀ ਜਮਾ ਕਰਵਾਇਆ ਧੜੱਲੇ ਨਾਲ ਚਲਾਏ ਜਾ ਰਹੇ ਹਨ।
ਮਾਈਨਿੰਗ ਵਿਭਾਗ ਦੀਆਂ ਪੋਸਟਾਂ ਉੱਪਰ ਮਾਫੀਏ ਦਾ ਕਬਜ਼ਾ
ਹੰਦਵਾਲ ਸਮੇਤ ਹੋਰ ਕਈ ਥਾਵਾਂ ਉੱਪਰ ਮਾਈਨਿੰਗ ਵਿਭਾਗ ਵੱਲੋਂ ਚੈਕਿੰਗ ਲਈ ਬਣਾਈਆਂ ਗਈਆਂ ਪੋਸਟਾਂ ਉੱਪਰ ਇਸ ਸਮੇਂ ਮਾਈਨਿੰਗ ਮਾਫੀਏ ਦੇ ਕਰਿੰਦਿਆਂ ਦਾ ਕਬਜ਼ਾ ਹੈ, ਇੱਥੇ ਵਿਭਾਗ ਦੇ ਮੁਲਾਜ਼ਮ ਪਹੁੰਚ ਹੀ ਨਹੀਂ ਰਹੇ, ਜਦੋਂ ਵੀ ਸਥਾਨਕ ਲੋਕ ਜਾ ਕਰੈਸ਼ਰਾਂ ਦਾ ਕੰਮ ਕਰਨ ਵਾਲੇ ਲੋਕ ਇਨ੍ਹਾਂ ਕਰਿੰਦਿਆਂ ਅੱਗੇ ਵਿਰੋਧ ਪ੍ਰਗਟ ਕਰਦੇ ਹਨ ਤਾਂ ਇਹ ਲੋਕ ਅੱਗੋ ਧਮਕੀਆਂ ਦਿੰਦੇ ਹਨ।
ਮੰਤਰੀ ਨਹੀਂ ਚੁੱਕ ਰਹੇ ਫੋਨ, ਡਾਇਰੈਕਟਰ ਕਹਿੰਦੇ ਕਾਰਵਾਈ ਕਰਾਂਗੇ
ਜਦੋਂ ਇਸ ਧਾਂਦਲੀ ਦੇ ਸੰਬੰਧ ਵਿੱਚ ਪੰਜਾਬ ਦੇ ਮਾਈਨਿੰਗ ਮੰਤਰੀ ਵਰਿੰਦਰ ਗੋਇਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾ ਵੱਲੋ ਫੋਨ ਨਹੀ ਚੁੱਕਿਆ ਗਿਆ। ਜ਼ਿਲ੍ਹੇ ਹੁਸ਼ਿਆਰਪੁਰ ਦੇ ਮਾਈਨਿੰਗ ਅਧਿਕਾਰੀ ਸੰਚਿਤ ਨੇ ਵੀ ਫੋਨ ਨਹੀਂ ਚੁੱਕਿਆ ਜਿਸ ਉਪਰੰਤ ਜਦੋਂ ਮਾਈਨਿੰਗ ਵਿਭਾਗ ਦੇ ਡਾਇਰੈਕਟਰ ਅਭੀਜੀਤ ਨਾਲ ਫੋਨ ’ਤੇ ਸਪੰਰਕ ਕੀਤਾ ਤਾਂ ਉਨ੍ਹਾਂ ਵੱਲੋਂ ਇਸ ਸੰਬੰਧ ਵਿੱਚ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।