ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਪਿਛਲੇ ਦਿਨੀਂ ਨਗਰ ਨਿਗਮ ਹੁਸ਼ਿਆਰਪੁਰ ਦੇ ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਸੁਰਿੰਦਰ ਸ਼ਿੰਦਾ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਾਹਮਣੇ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁੱਦੇ ਪ੍ਰਤੀ ਬਹੁਮਤ ਸਾਬਿਤ ਕਰਨ ਦੀ ਦਿੱਤੀ ਚੁਣੌਤੀ ਦਾ ਅਸਰ ਸਾਫ ਦਿਖਾਈ ਦੇਣ ਲੱਗ ਪਿਆ ਹੈ, ਇੱਕ ਪਾਸੇ ਅੱਜ ਮੰਤਰੀ ਜਿੰਪਾ ਜਿਆਦਾਤਰ ਕਾਂਗਰਸ ਦੀ ਟਿਕਟ ਤੋਂ ਜਿੱਤੇ ਤੇ ਮੌਜੂਦਾ ਸਮੇਂ ਆਪ ਵਿੱਚ ਵਿਚਰ ਰਹੇ ਕੌਂਸਲਰਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਮਣੇ ਚੰਡੀਗੜ੍ਹ ਵਿੱਚ ਪਰੇਡ ਕਰਵਾਉਦੇ ਦਿਖਾਈ ਦਿੱਤੇ ਤੇ ਦੂਜੇ ਪਾਸੇ ਕਾਂਗਰਸ ਦੇ ਲੱਗਭੱਗ 17 ਕੌਂਸਲਰ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੇ ਘਰ ਇਕੱਠੇ ਹੋ ਕੇ ਇਕਜੁੱਟਤਾ ਦਾ ਸਬੂਤ ਦਿੰਦੇ ਸਾਹਮਣੇ ਆਏ।
ਦੱਸ ਦਈਏ ਕਿ ਹਫਤਾ ਕੁ ਪਹਿਲਾ ਨਿਗਮ ਦੀ ਮੀਟਿੰਗ ਦੌਰਾਨ 17 ਕਾਂਗਰਸੀ ਕੌਂਸਲਰਾਂ ਨੇ ਡੀ.ਸੀ.ਕੋਮਲ ਮਿੱਤਲ ਨੂੰ ਅ-ਵਿਸ਼ਵਾਸ਼ ਪ੍ਰਸਤਾਵ ਸੌਂਪਦੇ ਹੋਏ ਮੰਗ ਕੀਤੀ ਸੀ ਕਿ ਮੇਅਰ ਤੇ ਦੂਸਰੇ ਅਹੁੱਦੇਦਾਰਾਂ ਨੂੰ ਬਹੁਮਤ ਸਾਬਿਤ ਕਰਨ ਲਈ ਕਿਹਾ ਜਾਵੇ ਕਿਉਂਕਿ ਇਹ ਕਾਂਗਰਸ ਦੇ ਸਮਰਥਨ ਨਾਲ ਇਨ੍ਹਾਂ ਅਹੁੱਦਿਆਂ ਉੱਪਰ ਬਿਰਾਜਮਾਨ ਹਨ, ਜਿਸ ਉਪਰੰਤ ਡੀ.ਸੀ. ਨੇ 14 ਦਿਨ ਵਿੱਚ ਮੇਅਰ ਨੂੰ ਨੋਟਿਸ ਭੇਜਣ ਦੀ ਗੱਲ ਕਹੀ ਸੀ, ਇਸ ਦਿਨ ਪਿੱਛੋ ਹੀ ਆਪ ਵੱਲੋਂ ਜਿੱਥੇ ਅੰਦਰਖਾਤੇ ਕਾਂਗਰਸੀ ਕੌਂਸਲਰਾਂ ਨੂੰ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਉੱਥੇ ਕਾਂਗਰਸੀ ਵੀ ਮੀਟਿੰਗ ਦਰ ਮੀਟਿੰਗ ਕਰ ਇਕਜੁੱਟ ਰਹਿਣ ਦੀ ਗੱਲ ਕਰ ਰਹੇ ਹਨ।
50 ਵਾਰਡਾਂ ਵਾਲੇ ਨਿਗਮ ਵਿੱਚ 3 ਸੀਟਾਂ ਖਾਲ੍ਹੀ
ਨਗਰ ਨਿਗਮ ਹੁਸ਼ਿਆਰਪੁਰ ਵਿੱਚ ਕੁੱਲ 50 ਵਾਰਡ ਹਨ ਜਿਨ੍ਹਾਂ ਵਿੱਚੋ ਇਸ ਸਮੇਂ 17 ਕੌਂਸਲਰ ਕਾਂਗਰਸ ਦੇ ਹਨ ਤੇ 6 ਭਾਜਪਾ ਦੇ ਅਤੇ ਆਪ ਕੋਲ 23 ਕੌਂਸਲਰ ਹਨ ਜਦੋਂ 3 ਸੀਟਾਂ ਖਾਲ੍ਹੀ ਹੋ ਚੁੱਕੀਆਂ ਹਨ, ਜੇਕਰ ਆਉਂਦੇ ਦਿਨਾਂ ਵਿੱਚ ਫਲੋਰ ਟੈਸਟ ਹੁੰਦਾ ਹੈ ਤਦ ਦੋਵੇਂ ਧਿਰਾਂ ਨੂੰ 32 ਦੇੇ ਲੱਗਭੱਗ ਅੰਕੜਾ ਪੂਰਾ ਕਰਨਾ ਪਵੇਗਾ ਜੋ ਕਿ ਅੱਜ ਦੀ ਸਥਿਤੀ ਵਿੱਚ ਕੋਈ ਧਿਰ ਵੀ ਪੂਰੀ ਕਰਦੀ ਦਿਖਾਈ ਨਹੀਂ ਦਿੰਦੀ। ਕਾਂਗਰਸ ਤੇ ਭਾਜਪਾ ਦੇ ਮਿਲਣ ਦੀ ਗੱਲ ਵੀ ਸ਼ਹਿਰ ਵਿੱਚ ਚੱਲ ਰਹੀ ਹੈ ਜਿਸ ਹਾਲਤ ਵਿੱਚ ਦੋਵੇਂ ਪਾਰਟੀਆਂ ਕੋਲ 23 ਸੀਟਾਂ ਵੋਟਾਂ ਹੋਣਗੀਆਂ ਤੇ ਦੂਜੇ ਪਾਸੇ ਆਪ ਕੋਲ ਵੀ 23 ਵੋਟਾਂ ਹਨ ਤੇ 24ਵੀਂ ਮੰਤਰੀ ਜਿੰਪਾ ਦੀ ਹੈ, ਇਸੇ ਤਰ੍ਹਾਂ ਤਾਜੇ-ਤਾਜੇ ਆਪ ਵਿੱਚੋ ਸਸਪੈੈਂਡ ਅਨਮੋਲ ਜੈਨ ਜੇਕਰ ਦੋੋਬਾਰਾ ਘਰ ਵਾਪਸੀ ਕਰਦੇ ਹਨ ਤਾਂ ਕਾਂਗਰਸ-ਭਾਜਪਾ ਗੱਠਜੋੜ ਵੀ 24 ਦਾ ਅੰਕੜਾ ਪ੍ਰਾਪਤ ਕਰ ਲਵੇਗਾ।
ਵੋਟਿੰਗ ਹੋਈ ਤਾਂ ਮੇਅਰ ਜਾਂਦਾ ਰਹੇਗਾ, ਹੱਥ ਚੁਕਾਏ ਤਾਂ ਬਚ ਜਾਵੇਗਾ
ਕਈ ਕਾਂਗਰਸੀ ਕੌਂੰਸਲਰਾਂ ਦਾ ਮੰਨਣਾ ਹੈ ਕਿ ਜੇਕਰ ਫਲੋਰ ਟੈਸਟ ਵਿੱਚ ਵੋਟਿੰਗ ਪ੍ਰਕ੍ਰਿਆ ਅਪਨਾਈ ਜਾਂਦੀ ਹੈ ਤਦ ਮੇਅਰ ਸਮੇਤ ਦੂਸਰੇ ਅਹੁਦੇਦਾਰਾਂ ਦੀ ਕੁਰਸੀ ਜਾਣੀ ਤੈਅ ਹੈ ਲੇਕਿਨ ਜੇਕਰ ਮੰਤਰੀ ਜਿੰਪਾ ਦੀ ਹਾਜਰੀ ਵਿੱਚ ਵੋਟਿੰਗ ਪ੍ਰੋਸੈਸ ਦੀ ਥਾਂ ਹੱਥ ਚੁਕਾ ਦੇ ਬਹੁਮਤ ਸਾਬਿਤ ਕਰਨ ਦੀ ਪ੍ਰਕਿ੍ਰਆ ਅਪਨਾਈ ਤਾਂ ਕਈ ਕੌਂਸਲਰ ਜਾਂ ਤਾਂ ਇਸ ਤੋਂ ਦੂਰ ਹੋ ਜਾਣਗੇੇ ਜਾਂ ਫਿਰ ਸਰਕਾਰ ਦੇ ਡਰ ਕਾਰਨ ਆਪ ਦੇ ਹੱਕ ਵਿੱਚ ਭੁਗਤ ਜਾਣਗੇ।
ਵੱਡਾ ਅਧਿਕਾਰੀ ਆਪ ਆਗੂਆਂ ਦੀਆਂ ਚੂਲਾਂ ਹਿਲਾ ਰਿਹਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਕੌਂਸਲਰ ਅੱਜ ਵੀ ਕਾਂਗਰਸ ਵਿੱਚ ਹਨ ਉਨ੍ਹਾਂ ਉੱਪਰ ਵੀ ਦਬਾਅ ਬਣਾਇਆ ਜਾ ਰਿਹਾ ਹੈ ਲੇਕਿਨ ਜਿਨ੍ਹਾਂ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀਆਂ ਨੂੰ ਕਾਂਗਰਸੀ ਕੌਂਸਲਰਾਂ ਨੂੰ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਉੱਪਰੋ ਆਦੇਸ਼ ਆ ਰਹੇ ਹਨ ਉਹ ਅੰਦਰਖਾਤੇ ਕਾਂਗਰਸੀ ਕੌਂਸਲਰਾਂ ਦੀ ਮਦਦ ਕਰ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸ਼ਨ ਦੇ ਕਈ ਅਧਿਕਾਰੀ ਖੁੱਲ੍ਹ ਕੇ ਆਪ ਦੇ ਸਥਾਨਕ ਆਗੂਆਂ ਦੀ ਵਿਰੋਧਤਾ ਕਰ ਰਹੇ ਹਨ ਕਿਉਂਕਿ ਪੁਲਿਸ ਦੇ ਇੱਕ ਵੱਡੇੇ ਅਧਿਕਾਰੀ ਦੇ ਤਬਾਦਲੇ ਲਈ ਆਪ ਦੇ ਵੱਡੇ ਆਗੂਆਂ ਨੇ ਕਈ ਵਾਰ ਹਾਈਕਮਾਂਡ ਅੱਗੇ ਜੋਰ ਲਗਾਇਆ ਲੇਕਿਨ ਉਸ ਅਧਿਕਾਰੀ ਨੂੰ ਕੁਰਸੀ ਤੋਂ ਹਿਲਾ ਨਹੀਂ ਸਕੇ ਤੇ ਹੁਣ ਉਹੀ ਵੱਡਾ ਅਫਸਰ ਆਪ ਦੇ ਵੱਡੇ ਆਗੂਆਂ ਦੀਆਂ ਸਿਆਸੀ ਚੂਲਾਂ ਕਾਾਂਗਰਸ ਜਰੀਏ ਹਿਲਾਉਣ ਲੱੱਗਾ ਹੋਇਆ ਹੈ।
ਮੁੱਖ ਮੰਤਰੀ ਸਾਹਮਣੇ ਕਰਵਾਈ ਪਰੇਡ
ਅੱਜ ਕੈਬਨਿਟ ਮੰਤਰੀ ਬ੍ਰਹਹਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਕੌਂਸਲਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਮੂਹ ਕੌਂਸਲਰਾਂ ਨੇ ਮੁੱਖ ਮੰਤਰੀ ਨਾਲ ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ ਵਾਰਡਾਂ 6, 7 ਅਤੇ 27 ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਪਰੋਕਤ ਤਿੰਨਾਂ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਔਲਖ, ਨਗਰ ਨਿਗਮ ਹੁਸ਼ਿਆਰਪੁਰ ਦੀ ਵਿੱਤ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਬਿੰਦੀ, ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਕੌਂਸਲਰ ਪ੍ਰਦੀਪ ਬਿੱਟੂ, ਕੌਂਸਲਰ ਜਸਪਾਲ ਚੇਚੀ, ਕੌਂਸਲਰ ਸ. ਵਿਜੇ ਅਗਰਵਾਲ, ਸਾਬਕਾ ਕੌਂਸਲਰ ਕਮਲਜੀਤ ਕੰਮਾ, ਅਵਤਾਰ ਸਿੰਘ ਕਪੂਰ, ਕੌਂਸਲਰ ਮੁਖੀ ਰਾਮ, ਹਰਭਗਤ ਸਿੰਘ, ਕੌਂਸਲਰ ਹਰਵਿੰਦਰ ਸਿੰਘ, ਬਲਵਿੰਦਰ ਕਤਨਾ, ਹਰਪਾਲ ਸਿੰਘ ਪਾਲਾ, ਕੌਂਸਲਰ ਜਸਵੰਤ ਰਾਏ ਕਾਲਾ, ਕੌਂਸਲਰ ਜਤਿੰਦਰ ਕੌਰ ਪਿੰਕੀ, ਕੌਂਸਲਰ ਚੰਦਰਵਤੀ, ਕੌਂਸਲਰ ਮਨਜੀਤ ਕੌਰ, ਕੌਂਸਲਰ ਦ੍ਰੋਪਨ ਸੈਣੀ, ਕੌਂਸਲਰ ਮੁਕੇਸ਼ ਕੁਮਾਰ ਮੱਲ, ਕੌਂਸਲਰ ਮੋਹਿਤ ਕੁਮਾਰ ਸੈਣੀ, ਕੌਂਸਲਰ ਅਮਰੀਕ ਚੌਹਾਨ, ਚੰਦਨ ਲੱਕੀ, ਸੁਖਵੀਰ ਸਿੰਘ, ਨਰਿੰਦਰਪਾਲ ਅਤੇ ਧੀਰਜ ਸ਼ਰਮਾ ਆਦਿ ਹਾਜ਼ਰ ਸਨ।
ਕਾਂਗਰਸੀਆਂ ਦੇ ਸਿਰ ’ਤੇ ਹੀ ਆਪ ਦਾ ਨਿਗਮ ’ਤੇ ਦਾਬਾ
ਜੇਕਰ ਨਗਰ ਨਿਗਮ ਦੀ ਸਿਆਸਤ ਨੂੰ ਸਮਝੀਏ ਤਾਂ ਨਿਗਮ ਦੀਆਂ ਪਿਛਲੇ ਸਮੇਂ ਵਿੱਚ ਹੋਈਆਂ ਵੋਟਾਂ ਦੌਰਾਨ ਆਪ ਨੂੰ ਮਹਿਜ 3 ਸੀਟਾਂ ’ਤੇ ਹੀ ਜਿੱਤ ਮਿਲੀ ਸੀ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਕੌਂਸਲਰ ਚੋਣ ਜਿੱਤੇ ਸਨ ਪਰ ਜਦੋੋਂ ਆਪ ਦੀ ਸਰਕਾਰ ਬਣੀ ਤਾਂ ਕਾਂਗਰਸ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਕਈ ਕੌਂਸਲਰਾਂ ਨੇ ਆਪ ਵਿੱਚ ਪਲਟੀ ਮਾਰ ਦਿੱਤੀ ਪਰ 17 ਕਾਂਗਰਸੀ ਕੌਂਸਲਰ ਅੜੇ ਰਹੇ।