ਲੁਧਿਆਣਾ ਪੁਲਿਸ ਨੇ 2 ਨਸ਼ਾ ਵੇਚਣ ਵਾਲਿਆਂ ਨੂੰ ਗਿਰਫ਼ਤਾਰ ਕੀਤਾ ਹੈ
ਭਰਤ ਸ਼ਰਮਾ/ਲੁਧਿਆਣਾ : ਪੰਜਾਬ ਵਿੱਚ ਡਰੱਗ ਸਮਗਲਿੰਗ ਦੀ ਚੇਨ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਇਸ ਨੂੰ ਤੋੜਨਾ ਆਸਾਨ ਨਹੀਂ ਹੈ,ਨਸ਼ੇ ਦੀ ਘਰਾਂ ਵਿੱਚ ਸਪਲਾਈ ਹੋ ਰਹੀ ਹੈ ਉਹ ਵੀ ਲੁਧਿਆਣਾ ਵਰਗੇ ਸ਼ਹਿਰ ਵਿੱਚ ਸ਼ਰੇਆਮ,ਸਿਰਫ਼ ਇੰਨਾ ਹੀ ਨਹੀਂ ਸਮਗਲਿੰਗ ਦੇ ਇਸ ਧੰਦੇ ਵਿੱਚ ਮਹਿਲਾਵਾਂ ਵੀ ਇਸ ਹੱਦ ਤੱਕ ਪੇਸ਼ੇਵਰ ਹੋ ਚੁੱਕਿਆਂ ਨੇ ਕਿ ਉਨ੍ਹਾਂ ਨੂੰ ਪੁਲਿਸ ਦਾ ਖ਼ੌਫ਼ ਵੀ ਨਹੀਂ ਹੈ,ਲੁਧਿਆਣਾ ਪੁਲਿਸ ਨੇ ਅਜਿਹੀ 2 ਸਕੀਆਂ ਭੈਣਾਂ ਨੂੰ ਨਸ਼ੇ ਦੀ ਸਪਲਾਈ ਕਰਨ ਵੇਲੇ ਮੁੜ ਤੋਂ ਗਿਰਫ਼ਤਾਰ ਕੀਤਾ ਹੈ ਜੋ ਨਸ਼ੇ ਦੀ ਸਪਲਾਈ ਦੇ ਕਈ ਮਾਮਲਿਆਂ ਵਿੱਚ ਫ਼ਰਾਰ ਚੱਲ ਰਹੀਆਂ ਸਨ, ਪੁਲਿਸ ਨੂੰ ਇੰਨਾ ਦੋਵਾਂ ਭੈਣਾ ਦੀ ਜਾਣਕਾਰੀ ਗੁਪਤ ਸੂਚਨਾ ਦੇ ਅਧਾਰ ‘ਤੇ ਮਿਲੀ ਸੀ
ਇਸ ਤਰ੍ਹਾਂ ਫੜੀ ਗਈਆਂ ਦੋਵੇਂ ਸਮਗਲਰ ਭੈਣਾਂ
ਸਬ-ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਹੌਲਦਾਰ ਨਵਕਮਲ ਜੋਤ ਸਿੰਘ ਕੋਲ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਦੋ ਔਰਤਾਂ ਕਾਫ਼ੀ ਸਮੇਂ ਤੋਂ ਰਲ ਕੇ ਹੈਰੋਈਨ ਵੇਚਣ ਦਾ ਨਾਜਾਇਜ਼ ਧੰਦਾ ਕਰਦੀਆਂ ਆ ਰਹੀ ਹਨ ਅਤੇ ਇੱਕ ਵਾਰ ਮੁੜ ਤੋਂ ਲੁਧਿਆਣਾ ਵਿੱਚ ਉਹ ਨਸ਼ੇ ਦੀ ਸਪਲਾਈ ਦੇਣ ਲਈ ਆ ਰਹੀਆਂ ਹਨ, ਸੂਚਨਾ ਪੱਕੀ ਅਤੇ ਭਰੋਸੇ ਯੋਗ ਹੋਣ ‘ਤੇ ਫ਼ੌਰਨ ਕਾਰਵਾਈ ਕਰਦਿਆਂ STF ਟੀਮ ਨੇ ਲੇਡੀ ਪੁਲਿਸ ਦੀ ਮਦਦ ਨਾਲ ਜਸੀਆਂ ਰੋਡ ‘ਤੇ ਮਜਬੂਤ ਨਾਕਾਬੰਦੀ ਕਰਕੇ ਦੋ ਔਰਤਾਂ ਨੂੰ ਐਕਟਿਵਾ ਦੀ ਡਿੱਗੀ ਵਿੱਚ ਰੱਖੀ ਇੱਕ ਕਿੱਲੋ 200 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਲਿਆ,ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਦੀ ਪਹਿਚਾਣ ਕਿਰਨ ਬਾਲਾ ਉਰਫ ਮੰਨਾ ਅਤੇ ਸੁਮਨ ਬਾਲਾ ਉਰਫ ਬਿੱਲੀ ਦੇ ਰੂਪ ਵਜੋਂ ਹੋਈ ਹੈ ਅਤੇ ਇਨ੍ਹਾਂ ਦੋਹਾਂ ਦੇ ਪਤੀ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ, ਇਨ੍ਹਾਂ ਔਰਤਾਂ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਦੋਵੇਂ ਕਈ ਮਾਮਲਿਆਂ ਵਿੱਚ ਫਰਾਰ ਚੱਲ ਰਹੀਆਂ ਸਨ ਸਬ ਇੰਸਪੈਕਟਰ ਮੁਤਾਬਿਕ ਮੁਲਜ਼ਮ ਔਰਤਾਂ ਦਿੱਲੀ ਅਤੇ ਅਮ੍ਰਿਤਸਰ ਤੋਂ ਹੈਰੋਇਨ ਮੰਗਵਾ ਕੇ ਲੁਧਿਆਣਾ ਸ਼ਹਿਰ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦੀਆਂ ਸਨ,ਮੁਲਜ਼ਮ ਔਰਤਾਂ ਦੀ ਪ੍ਰਾਪਰਟੀ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਨੇ ਨਸ਼ਾ ਵੇਚਕੇ ਬਣਾਈ ਹੈ