ਕੁਵੈਤ ਵਿੱਚ ਵਿਦੇਸ਼ੀ ਕੋਟਾ ਬਿੱਲ ਦੀ ਵਜ੍ਹਾਂ ਕਰਕੇ ਭਾਰਤੀਆਂ ਦੀਆਂ ਨੌਕਰੀਆਂ ਖ਼ਤਰੇ ਵਿੱਚ
ਤਪਿਨ ਮਲਹੋਤਰਾ/ਚੰਡੀਗੜ੍ਹ : ਪੰਜਾਬ ਆਪ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਰੋਜ਼ੀ ਰੋਟੀ ਕਮਾਉਣ ਗਏ 8 ਲੱਖ ਭਾਰਤੀਆਂ ਦੀ ਨੌਕਰੀਆਂ ਦਾ ਮੁੱਦਾ ਕੁਵੈਤ ਸਰਕਾਰ ਦੇ ਸਾਹਮਣੇ ਚੁੱਕਣ,ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕੁਵੈਤ ਸਰਕਾਰ ਵੱਲੋਂ ਵਿਦੇਸ਼ੀ ਕਾਰੀਗਰਾਂ ਦੀ ਗਿਣਤੀ ਘਟਾਉਣ ਦੀ ਪ੍ਰਕਿਆ ਸ਼ੁਰੂ ਕਰਨ ਜਾ ਰਹੀ ਹੈ,ਇਸ ਵਿਦੇਸ਼ੀ ਕੋਟਾ ਬਿੱਲ ਨੂੰ ਕੁਵੈਤ ਦੀ ਪਾਰਲੀਮੈਂਟ ਕਮੇਟੀ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਜਿਸ ਤੋਂ ਬਾਅਦ 8 ਲੱਖ ਭਾਰਤੀ ਕਾਰੀਗਰਾਂ ਨੂੰ ਕੁਵੈਤ ਛੱਡਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ
ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਬੇਸ਼ਕ ਇਹ ਕੁਵੈਤ ਸਰਕਾਰ ਦਾ ਨਿੱਜੀ ਫ਼ੈਸਲਾ ਹੈ ਪਰ ਇਸ ਨਾਲ ਭਾਰਤੀ ਕਾਰੀਗਰਾਂ ‘ਤੇ ਬੁਰਾ ਅਸਰ ਵੇਖਣ ਨੂੰ ਮਿਲੇਗਾ,ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੁਵੈਤ ਸਰਕਾਰ ਨੂੰ ਅਪੀਲ ਕਰਨ ਕਿ ਉਹ ਆਪਣੇ ਇਸ ਫ਼ੈਸਲੇ ‘ਤੇ ਮੁੜ ਤੋਂ ਵਿਚਾਰ ਕਰਨ
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਹਾ ਕਿ ਕੁਵੈਤ ਸਰਕਾਰ ਦਾ ਇਹ ਫ਼ੈਸਲਾ 8 ਲੱਖ ਭਾਰਤੀਆਂ ਨੂੰ ਵਾਪਿਸ ਆਉਣ ਦੇ ਲਈ ਮਜ਼ਬੂਰ ਕਰ ਦੇਵੇਗਾ ਤਾਂ ਦੇਸ਼ ਵਿੱਚ ਬੇਰੁਜ਼ਗਾਰੀ ਦਾ ਸੰਕਟ ਹੋਰ ਗਹਿਰਾ ਜਾਵੇਗਾ, ਇਸ ਦੇ ਨਾਲ ਦੇਸ਼ ਦੀ ਆਰਥਿਕ ਹਾਲਤ ‘ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇਗਾ,ਇਸ ਲਈ ਭਾਰਤ ਸਰਕਾਰ ਨੂੰ ਆਪਣੇ ਡਿਪਲੋਮੈਟਿਕ ਚੈਨਲ ਦੇ ਜ਼ਰੀਏ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ,ਭਗਵੰਤ ਮਾਨ ਨੇ ਕਿਹਾ ਕੇਰਲ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕੰਮ ਕਰਨ ਲਈ ਲੋਕ ਕੁਵੈਤ ਗਏ ਹੋਏ ਨੇ
ਭਗਵੰਤ ਮਾਨ ਨੇ ਆਪਣੇ ਪੱਤਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸ ਦੇ ਹੋਏ ਕਿਹਾ ਕਿ ਜੇਕਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਚੌਣ ਵਾਅਦੇ ਮੁਤਾਬਿਕ ਨੌਜਵਾਨਾਂ ਨੂੰ ਨੌਕਰੀ ਦਿੰਦੀ ਤਾਂ ਉਨ੍ਹਾਂ ਨੂੰ ਕੁਵੈਤ ਨਹੀਂ ਜਾਣਾ ਪੈਂਦਾ
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਰੁਜ਼ਗਾਰ ਦੇ ਸਾਧਨ ਸੀਮਤ ਨੇ ਇਸ ਲਈ ਭਾਰਤ ਸਰਕਾਰ ਨੂੰ ਕੁਵੈਤ ਸਰਕਾਰ ਦੇ ਸਾਹਮਣੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਚੁੱਕਣਾ ਚਾਹੀਦਾ ਹੈ