ਦਿੱਲੀ। ਐਤਵਾਰ ਦੁਪਹਿਰੇ ਸਿੰਘੂ ਬਾਰਡਰ ਨਜਦੀਕ ਅੰਦੋਲਨਕਾਰੀ ਕਿਸਾਨਾਂ ਦਰਮਿਆਨ ਪੁੱਜੇ ਕਾਂਗਰਸ ਦੇ ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਕਿਸਾਨਾਂ ਵੱਲੋਂ ਚੰਗੀ ਛਿੱਤਰ ਕੁੱਟ ਕੀਤੀ ਗਈ ਤੇ ਇਸ ਦੌਰਾਨ ਕਿਸਾਨਾਂ ਨੇ ਕੁਲਬੀਰ ਜੀਰਾ ਦੀ ਪੱਗ ਲਾਹ ਕੇ ਆਪਣੇ ਕੋਲ ਰੱਖ ਲਈ ਜਦੋਂ ਕਿ ਰਵਨੀਤ ਬਿੱਟੂ ਆਪਣੀ ਸਿਰ ਤੋਂ ਲਿੱਥੀ ਹੋਈ ਪੱਗ ਲੈ ਕੇ ਮੌਕੇ ਤੇੋਂ ਮਸਾ ਜਾਨ ਬਚਾ ਕੇ ਬਾਹਰ ਨਿੱਕਲੇ। ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਭਾਜਪਾ ਆਗੂਆਂ ਦਾ ਤਾਂ ਕਿਸਾਨਾਂ ਵੱਲੋਂ ਮੌਖਿਕ ਰੂਪ ਵਿਚ ਕੀਤਾ ਗਿਆ ਵਿਰੋਧ ਸਾਹਮਣੇ ਆਇਆ ਸੀ ਲੇਕਿਨ ਕਾਂਗਰਸੀ ਆਗੂਆਂ ਦੀ ਅੱਜ ਹੋਈ ਛਿੱਤਰ ਕੁੱਟ ਨੇ ਭਾਜਪਾ ਦੇ ਉਸ ਦਾਅਵੇ ਨੂੰ ਵੀ ਧਰਾਸ਼ਾਹੀ ਕਰ ਦਿੱਤਾ ਹੈ ਜਿਸ ਵਿਚ ਭਾਜਪਾ ਇਹ ਕਹਿੰਦੀ ਰਹੀ ਹੈ ਕਿ ਕਿਸਾਨ ਅੰਦੋਲਨ ਕਾਂਗਰਸ ਸਰਕਾਰ ਵੱਲੋਂ ਸਪਾਂਸਰ ਹੈ।
ਜਿਸ ਸਮੇਂ ਕੁਲਬੀਰ ਸਿੰਘ ਜੀਰਾ ਤੇ ਰਵਨੀਤ ਬਿੱਟੂ ਦੀਆਂ ਪੱਗਾ ਲਾਹ ਕੇ ਇਨਾਂ ਦੀ ਕੁੱਟਮਾਰ ਕੀਤੀ ਗਈ ਤਦ ਕੁਝ ਕਿਸਾਨ ਆਗੂਆਂ ਨੇ ਹੀ ਵਿਚ ਪੈ ਕੇ ਇਨਾਂ ਦਾ ਬਚਾਅ ਕੀਤਾ ਤੇ ਮੌਕੇ ਤੋਂ ਭਜਾਇਆ ਲੇਕਿਨ ਕਿਸਾਨਾਂ ਨੇ ਭੱਜ ਰਹੇ ਕਾਂਗਰਸੀ ਆਗੂਆਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ। ਕਿਸਾਨਾਂ ਵੱਲੋਂ ਕੀਤੇ ਗਏ ਇਸ ਸਖਤ ਵਿਰੋਧ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਕਿਸਾਨ ਅੰਦੋਲਨ ਤੋਂ ਦੂਰ ਹੀ ਰਹਿਣ ਤੇ ਇਸ ਨੂੰ ਨਿਰੋਲ ਕਿਸਾਨਾਂ ਦਾ ਅੰਦੋਲਨ ਰਹਿਣ ਦਿੱਤਾ ਜਾਵੇ।