ਚੰਡੀਗੜ੍ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨੂੰ, ਸਾਬਕਾ ਭਾਜਪਾ ਮੰਤਰੀ ਦੇ ਘਰ ਅੱਗੇ ਗੋਬਰ ਸੁੱਟਣ ਵਾਲੇ ਖੇਤੀ ਕਾਨੂੰਨ ਪ੍ਰਦਰਸ਼ਨਕਾਰੀਆਂ ਖਿਲਾਫ ਧਾਰਾ 307 ਵਾਪਸ ਲੈਣ ਦਾ ਹੁਕਮ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ‘ਕਤਲ ਦੀ ਕੋਸ਼ਿਸ਼’ ਦਾ ਮਾਮਲਾ ਦਰਜ ਕਰਨ ਵਾਲੇ ਐਸਐਚਓ ਦੇ ਤਬਾਦਲੇ ਦਾ ਵੀ ਹੁਕਮ ਦਿੱਤਾ ਗਿਆ ਹੈ, ਜਿਸਦੀ ਹੁਣ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਪੜਤਾਲ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕਰਨ ਪ੍ਰਤੀ ਐਸਐਚਓ ਕਾਫ਼ੀ ਉਤੇਜਿਤ ਹੋ ਗਿਆ। ਹੁਸ਼ਿਆਰਪੁਰ ਕਾਂਡ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਰਿਹਾਇਸ਼ ਅੱਗੇ ਗੋਬਰ ਨਾਲ ਭਰੀ ਟਰਾਲੀ ਉਤਾਰੀ ਸੀ, ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ, “ਇਸ ਵਿਚ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਗਈ।”
ਇਸੇ ਦੌਰਾਨ ਮੁੱਖ ਮੰਤਰੀ ਨੇ ਇੱਕ ਸੰਗੀਤਕ ਵੀਡੀਓ ਵਿੱਚ ਬੰਦੂਕ ਸਭਿਆਚਾਰ ਦੇ ਪ੍ਰਚਾਰ ਕਰਨ ਦੇ ਦੋਸ਼ ਵਿਚ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸ ਢੰਗ ਨਾਲ ਗੈਂਗਸਟਰਵਾਦ ਅਤੇ ਬੰਦੂਕ ਸਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲ਼ਤ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਕੇਸ ਸਹੀ ਢੰਗ ਨਾਲ ਦਰਜ ਕੀਤਾ ਗਿਆ ਜੋ ਇਸ ਗਾਇਕ ਦੇ ਪੁਰਾਣੇ ਗੀਤ ਨਾਲ ਸਬੰਧਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਹੱਦੋਂ ਪਾਰ ਖਤਰਿਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਉਹਨਾਂ ਅੱਗੇ ਕਿਹਾ, “ਅਸੀਂ ਸੂਬੇ ਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦੇਵਾਂਗੇ।” ਜੋ ਅਜਿਹੀਆਂ ਕੋਝੀਆਂ ਹਰਕਤਾਂ ਕਾਰਨ ਭੰਗ ਹੋ ਸਕਦੀ ਹੈ।