-ਭਾਜਪਾ ਨੇ ਜਿਸਨੂੰ ਦਿਖਾਇਆ ਖੁਸ਼ਹਾਲ ਕਿਸਾਨ ਉਹ ਹੈ ਸਿੰਘੂ ਬਾਰਡਰ ’ਤੇ ਧਰਨਾਕਾਰੀ ਨੌਜਵਾਨ
ਚੰਡੀਗੜ। ਕਿਸਾਨੀ ਕਾਨੂੰਨਾਂ ਨੂੰ ਪਾਸ ਕਰਕੇ ਕਿਸਾਨੀ ਸੰਘਰਸ਼ ਦਾ ਤਾਪ ਝੱਲ ਰਹੀ ਭਾਜਪਾ ਦੇ ਆਈ.ਟੀ. ਵਿੰਗ ਦੀਆਂ ਅਪਲੀਆਂ-ਟੱਪਲੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੀ ਤਾਜਾ ਮਿਸਾਲ ਉਦੋ ਸਾਹਮਣੇ ਆਈ ਜਦੋਂ ਭਾਜਪਾ ਦੇ ਆਈ.ਟੀ.ਸੈਲ ਵੱਲੋਂ ਕਿਸਾਨੀ ਕਾਨੂੰਨਾਂ ਦੇ ਹੱਕ ਵਿਚ ਤਿਆਰ ਕੀਤਾ ਗਿਆ ਇਕ ਇਸ਼ਤਿਹਾਰ ਪੰਜਾਬ ਭਾਜਪਾ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕਰ ਦਿੱਤਾ ਗਿਆ, ਜਿਸ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਜਿੱਥੇ ਸਰਕਾਰ ਦੀ ਸਫਾਈ ਪੇਸ਼ ਕੀਤੀ ਗਈ ਉੱਥੇ ਹੀ ਇਕ ਨੌਜਵਾਨ ਜਿਸਦੇ ਮੋਢੇ ’ਤੇ ਕਹੀ (ਕੱਸੀ) ਰੱਖੀ ਦਿਖਾਈ ਗਈ ਉਹ ਖੇਤੀ ਕਾਨੂੰਨਾਂ ਕਾਰਨ ਖੁਸ਼ ਦਿਖਾਇਆ ਗਿਆ ਲੇਕਿਨ ਭਾਜਪਾ ਨੂੰ ਨਹੀਂ ਪਤਾ ਸੀ ਕਿ ਉਹ ਨਵਾਂ ਸਿਆਪਾ ਸਹੇੜ ਰਹੀ ਹੈ ਜੋ ਕਿ ਉਸ ਨੇ ਸਹੇੜ ਲਿਆ ਤੇ ਇਸ ਸਮੇਂ ਉਸੇ ਇਸ਼ਤੇਹਾਰ ਕਾਰਨ ਭਾਜਪਾ ਦੀ ਦੇਸ਼ ਸਮੇਤ ਵਿਦੇਸ਼ ਵਿਚ ਵੀ ਚੰਗੀ ਭੰਡੀ ਹੋ ਰਹੀ ਹੈ ਕਿਉਕਿ ਉਸ ਇਸ਼ਤਿਹਾਰ ਵਿਚ ਜਿਹੜਾ ਖੁਸ਼ ਨੌਜਵਾਨ ਦਿਖਾਇਆ ਗਿਆ ਹੈ ਉਹ ਜਿਲਾ ਹੁਸ਼ਿਆਰਪੁਰ ਦੇ ਪਿੰਡ ਨਡਾਲੋ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹਰਪ ਫਾਰਮਰ ਹੈ ਜੋ ਕਿ ਪਿਛਲੇ 15 ਦਿਨਾਂ ਤੋਂ ਕਿਸਾਨੀ ਅੰਦੋਲਨ ਵਿਚ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਸਿਆਪਾ ਕਰ ਰਿਹਾ ਹੈ। ਹਰਪ੍ਰੀਤ ਜੋ ਕਿ ਪੰਜਾਬੀ ਫਿਲਮਾਂ ਜਿਨਾਂ ਵਿਚ ਬੰਬੂਕਾਟ ਮੌਜੂਦ ਹੈ ਵਿਚ ਜਿੱਥੇ ਅਦਾਕਾਰੀ ਕਰ ਚੁੱਕਾ ਹੈ ਉੱਥੇ ਹੀ ਪੰਜਾਬੀ ਗਾਇਕਾਂ ਦੇ ਕਈ ਗੀਤਾਂ ਵਿਚ ਬਤੌਰ ਮਾਡਲ ਵੀ ਆ ਚੁੱਕਾ ਹੈ, ਇਸ ਸਮੇਂ ਉਹ ਐਕਟਿੰਗ ਦੇ ਨਾਲ ਡਾਇਰੈਕਟਰ ਵੀ ਹੈ। ਹਰਪ੍ਰੀਤ ਦੀ ਪਿੰਡ ਨਡਾਲੋ ਵਿਚ 2 ਏਕੜ ਜਮੀਨ ਹੈ ਤੇ ਪਿਤਾ ਸੀਆਰਪੀਐਫ ਵਿਚੋ ਰਿਟਾਇਰਡ ਅਧਿਕਾਰੀ ਹਨ।
ਬਿਨਾਂ ਦੱਸੇ-ਪੁੱਛੇ ਲਾਈ ਫੋਟੋ-ਹਰਪ੍ਰੀਤ ਸਿੰਘ
ਇਸ਼ਤਿਹਾਰ ਪ੍ਰਤੀ ਜਦੋਂ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਭਾਜਪਾ ਵਾਲਿਆਂ ਦਾ ਦਿਮਾਗ ਹਿੱਲ ਚੁੱਕਾ ਹੈ ਤੇ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਉਨਾਂ ਕਿਹਾ ਕਿ ਭਾਜਪਾ ਨੇ ਮੈਨੂੰ ਦੱਸੇ-ਪੁੱਛੇ ਬਗੈਰ ਹੀ ਮੇਰੀ ਫੋਟੋ ਆਪਣੇ ਇਸ਼ਤਿਹਾਰ ਵਿਚ ਫਿੱਟ ਕਰ ਦਿੱਤੀ ਜਿਸ ਦਾ ਖਮਿਆਜਾ ਇਨਾਂ ਨੂੰ ਭੁਗਤਣਾ ਪਵੇਗਾ।
ਇੰਝ ਪਤਾ ਲੱਗਾ ਹਰਪ੍ਰੀਤ ਦੀ ਹੈ ਫੋਟੋ
ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦਾ ਆਈ.ਟੀ.ਸੈਲ ਜਿਸ ’ਤੇ ਪਾਰਟੀ ਆਗੂਆਂ ਨੂੰ ਬੜਾ ਮਾਣ ਹੈ ਵੱਲੋਂ ਕਿਸਾਨੀ ਕਾਨੂੰਨਾਂ ਨੂੰ ਕਿਸਾਨਾਂ ਲਈ ਖੁਸ਼ਹਾਲੀ ਵਾਲੇ ਕਾਨੂੰਨ ਸਿੱਧ ਕਰਨ ਲਈ ਪੂਰੀ ਵਾਹ-ਪੇਸ਼ ਲਾਈ ਜਾ ਰਹੀ ਹੈ ਤੇ ਕੁਝ ਦਿਨ ਪਹਿਲਾ ਹਰਪ੍ਰੀਤ ਦੀ ਫੋਟੋ ਲਗਾ ਕੇ ਪੰਜਾਬ ਭਾਜਪਾ ਨੇ ਜਦੋਂ ਇਸ਼ਤਿਹਾਰ ਜਾਰੀ ਕੀਤਾ ਤਦ ਭਾਜਪਾ ਦੇ ਆਈ.ਟੀ.ਸੈਲ ਦਾ ਜਵਾਬ ਦੇ ਰਹੇ ਕਿਸਾਨਾਂ ਲਈ ਮੈਂਦਾਨ ਵਿਚ ਉਤਰੇ ਹੋਏ ਆਈ.ਟੀ. ਨਾਲ ਜੁੜੇ ਨੌਜਵਾਨਾਂ ਨੇ ਇਸ਼ਤਿਹਾਰ ਵਿਚ ਦਿਖਾਏ ਗਏ ਹਰਪ੍ਰੀਤ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਸਿੰਘੂ ਬਾਰਡਰ ਦੇ ਧਰਨੇ ਵਿਚ ਹੀ ਮਿਲ ਗਿਆ ਜਿਸ ਨੂੰ ਪਤਾ ਹੀ ਨਹੀਂ ਸੀ ਕਿ ਭਾਜਪਾ ਨੇ ਉਸਦੀ ਫੋਟੋ ਬਿਨਾਂ ਪੁੱਛੇ ਹੀ ਇਸ਼ਤਿਹਾਰ ਵਿਚ ਲਗਾ ਦਿੱਤੀ ਹੈ।