ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਕੈਨੇਡਾ ਦੇ ਵੈਨਕੂਵਰ ਵਿੱਚ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਗ੍ਰਫਤਾਰ ਹੋਏ ਇੱਕ ਪ੍ਰਮੁੱਖ ਮੁਲਜ਼ਮ ਕਰਨ ਬਰਾੜ ਦੀਆਂ ਨਜ਼ਦੀਕੀਆਂ ਗੋਲਡੀ ਬਰਾੜ ਦੇ ਨਾਲ ਸਾਹਮਣੇ ਆਉਣ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਗੋਲਡੀ ਬਰਾੜ ਦੀ ਸ਼ਮੂਲੀਅਤ ਦੀਆਂ ਕਨਸੋਆਂ ਆਉਣ ਤੋਂ ਬਾਅਦ ਗੋਲਡੀ ਬਰਾੜ ਦੀ ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਸਿੱਖ ਵਿਰੋਧੀ ਅਤੇ ਕਾਂਗਰਸੀ ਏਜੰਟ ਗਰਦਾਨਣ ਤੋਂ ਬਾਅਦ ਆਪਣੇ ਆਪ ਨੂੰ ਖਾੜਕੂ ਲਹਿਰ ਅਤੇ ਸਿੱਖ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ, ਲੇਕਿਨ ਸਾਰੀ ਆਡੀਓ ਵਿੱਚ ਜਿੱਥੇ ਉਹ ਸਿੱਧੂ ਮੂਸੇਵਾਲ ਬਾਰੇ ਖੁੱਲ੍ਹ ਕੇ ਬੋਲਿਆ ਹੈ, ਉੱਥੇ ਉਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਵਿੱਚ ਸ਼ਮੂਲੀਅਤ ਸਬੰਧੀ ਆ ਰਹੀਆਂ ਚਰਚਾਵਾਂ ਬਾਰੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਸਬੰਧੀ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਗੋਲਡੀ ਬਰਾੜ ਇਸ ਸਬੰਧੀ ਕੋਈ ਸਪਸ਼ਟ ਕਰ ਸਕਿਆ ਹੈ ਕਿ ਉਸ ਦੀ ਕਰਨ ਬਰਾੜ ਨਾਲ ਕੀ ਨਜ਼ਦੀਕੀਆਂ ਹਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵੀ ਜਾਂਚ ਕਰ ਰਹੀਆਂ ਕੈਨੇਡੀਅਨ ਏਜੰਸੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਕਿਉਂਕਿ ਚਾਰ ਗ੍ਰਿਫਤਾਰ ਵਿਅਕਤੀਆਂ ਵਿੱਚੋਂ ਇੱਕ ਕਰਨ ਬਰਾੜ ਗੋਲਡੀ ਬਰਾੜ ਦਾ ਬੇਹੱਦ ਕਰੀਬੀ ਹੈ ਅਤੇ ਜਦ ਉਹ ਕੈਨੇਡਾ 2019 ਵਿੱਚ ਪੁੱਜਿਆ ਸੀ ਤਾਂ ਉਸ ਨੂੰ ਕੈਨੇਡਾ ਵਿੱਚ ਸੰਭਾਲਣ ਦੀ ਜਿੰਮੇਵਾਰੀ ਗੋਲਡੀ ਬਰਾੜ ਦੇ ਪਿਓ ਨੇ ਨਿਭਾਈ ਸੀ ਅਤੇ ਇਹਨਾਂ ਚਰਚਾਵਾਂ ਤੋਂ ਬਾਅਦ ਗੋਲਡੀ ਬਰਾੜ ਕੈਨੇਡਾ ਅਤੇ ਅਮਰੀਕਾ ਵਿੱਚ ਰੂਪੋਸ਼ ਹੋ ਚੁੱਕਾ ਹੈ ਅਤੇ ਉਸ ਤੋਂ ਬਾਅਦ ਇਹ ਪਹਿਲੀ ਆਡੀਓ ਸਾਹਮਣੇ ਆਈ ਹੈ ਹਾਲਾਂਕਿ ਆਮ ਤੌਰ ਤੇ ਗੋਲਡੀ ਬਰਾੜ ਆਏ ਫੇਸਬੁਕ ‘ਤੇ ਪੋਸਟ ਹੀ ਪਾਉਂਦਾ ਹੁੰਦਾ ਸੀ ਜੇਕਰ ਇਸ ਸਾਰੀ ਆਡੀਓ ਸੰਦੇਸ਼ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਗੋਲਡੀ ਬਰਾੜ ਨੇ ਆਪਣੇ ਆਪ ਨੂੰ ਇੱਕ ਵੱਡਾ ਸਿੱਖ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ ਹਾਲਾਂਕਿ ਪਤਾ ਲੱਗਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਗੋਲਡੀ ਬਰਾੜ ਦਾ ਪਿੱਛਾ ਕਰ ਰਹੀਆਂ ਹਨ।

ਕੀ ਕਿਹਾ ਗੋਲਡੀ ਬਰਾੜ ਨੇ ਆਡੀਓ ਸੰਦੇਸ਼ ਵਿੱਚ ?
ਗੋਲਡੀ ਬਰਾੜ ਗਰੁੱਪ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਸਾਂਝੀ ਕੀਤੀ ਗਈ, ਜਿਸ ਵਿੱਚ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਬਾਰੇ ਫੇਰ ਗੱਲਬਾਤ ਕੀਤੀ ਹੈ, ਉਸ ਨੇ ਕਿਹਾ ਕਿ, ਸਿੱਧੂ ਦਾ ਕਤਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਿੱਧੂ ਦੇ ਪਰਿਵਾਰ ਨੂੰ ਬਹੁਤ ਸੁਪੋਰਟ ਕੀਤੀ। ਇਸ ਤੋਂ ਬਿਨਾਂ ਸਾਨੂੰ ਰੱਜ ਕੇ ਭੰਡਿਆ। ਅੱਗੇ ਗੋਲਡੀ ਨੇ ਕਿਹਾ ਕਿ ਸਾਡੇ ਕੋਈ ਸਾਡੇ ਕੰਮ ਹੀ ਅਜਿਹੇ ਨੇ, ਅਸੀਂ ਮਾੜੇ ਹਾਂ, ਚੱਲ ਕੋਈ ਨੀ, ਪਰ ਜਦੋਂ ਮੇਰਾ ਘਰ ਫੂਕਿਆ ਗਿਆ ਉਦੋਂ ਮੈਂ ਅਜਿਹਾ ਬਣਿਆ, ਨਹੀਂ ਤਾਂ ਮੈਂ ਵੀ ਇੱਕ ਆਮ ਨੌਜਵਾਨ ਹੀ, ਆਮ ਲੋਕਾਂ ਵਾਂਗ ਹੀ ਆਮ ਲੋਕਾਂ ‘ਚ ਵਿਚਰਦਾ ਸੀ। ਮੈਂ ਵੀ ਮਿਹਨਤ ਕਰਕੇ 40-40 ਘੰਟੇ ਟਰੱਕ ਚਲਾਇਆ ਹੈ, ਉਹ ਵੀ ਲਗਾਤਾਰ, ਕਦੇ ਵੀ ਕਿਸੇ ਬੰਦੇ ਦਾ ਹੱਕ ਨਹੀਂ ਮਾਰਿਆ। ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ। ਉਸ ਤੋਂ ਪਹਿਲਾਂ ਕੋਈ ਕਹਿ ਦੇਵੇ ਕਿ ਗੋਲਡੀ ਬਰਾੜ ਨੇ ਕਦੇ ਕਿਸੇ ਦੀ ਕੋਈ ਪੰਜੀ ਦੇਣੀ ਹੈ ਜਾਂ ਕਿਸੇ ਦਾ ਹੱਕ ਮਾਰਿਆ ਹੋਵੇ ਉਸ ਤੋਂ ਬਾਅਦ ਤਾਂ ਰਾਵਾਂ ਹੀ ਇਨ੍ਹਾਂ ‘ਤੇ ਪੈ ਗਏ ਕਿ ਚੰਗੇ ਮਾੜੇ ਦਾ ਕੋਈ ਦੁੱਖ ਹੀ ਨਹੀਂ ਰਹਿ ਗਿਆ। ਬੱਸ ਜੋ ਮੂਹਰੇ ਆਉਂਦਾ ਆਈ ਜਾਂਦਾ।
ਅੱਗੇ ਗੋਲਡੀ ਨੇ ਕਿਹਾ ਕਿ ਉਸ ਦਾ ਆਡੀਓ ਬਣਾਉਣ ਦਾ ਮੰਤਵ ਇਹ ਹੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਹ ਕਾਫੀ ਵਾਇਰਲ ਹੈ ਕਿ ਸਿੱਧੂ ਮੂਸੇਵਾਲਾ ਇੱਕ ਪੰਥਕ ਸੋਚ ਦਾ ਮਾਲਕ ਸੀ ਅਤੇ ਸਿੱਖ ਕੌਮ ਨੂੰ ਚੰਗੇ ਪਾਸੇ ਲਾ ਰਿਹਾ ਸੀ। ਪਰ ਉਸ ਦਾ ਪਿਓ ਲੋਕਾਂ ਨੂੰ ਗਲਤ ਗਾਇਡ ਕਰ ਰਿਹਾ ਹੈ ਅਤੇ ਨੌਜਵਾਨਾਂ ਨੂੰ ਹੋਰ ਪਾਸੇ ਲਾ ਰਿਹਾ ਹੈ ਅਤੇ ਸਿੱਖਾਂ ਦੀ ਖੂਨ ਪੀਣੀ ਪਾਰਟੀ ਕਾਂਗਰਸ ਦੀ ਸੁਪੋਰਟ ਕਰ ਰਿਹਾ ਹੈ। ਪਰ ਕਈ ਲੋਕ ਕਹਿ ਰਹੇ ਨੇ ਕਿ ਉਹ ਆਪਣੇ ਪੁੱਤ ਦੀ ਸੋਚ ਤੋਂ ਉਲਟ ਜਾ ਰਿਹਾ ਹੈ, ਅੱਗੇ ਗੋਲਡੀ ਨੇ ਕਿਹਾ ਕਿ ਉਹ ਕੁੱਝ ਗਲਤ ਨਹੀਂ ਕਰ ਰਿਹਾ ਇਹੀ ਸੋਚ ਸਿੱਧੂ ਦੀ ਸੀ ਹੀ ਸੋਚ ਉਸ ਦੇ ਪਿਓ ਦੀ ਹੈ, ਉਹ ਆਪ ਕਈ ਵਾਰ ਕਹਿ ਚੁੱਕੇ ਹਨ ਕਿ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਰਹੇ ਹਨ, ਕਿਸੇ ਹੋਰ ਨੂੰ ਕਦੇ ਪਾਈ ਹੀ ਨਹੀਂ। ਇਸ ਦੇ ਵਿਚ 1984 ਵੀ ਆ ਗਈ ਅਤੇ ਬਾਕੀ ਦੇ ਦੌਰ ਵੀ ਲੰਘ ਗਏ। ਜੇ ਅਜੇ ਵੀ ਉਸ ਨੂੰ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਅੱਗੇ ਤੁਹਾਡੀ ਮਰਜ਼ੀ ਹੈ। ਪਰ ਸ਼ਹੀਦਾਂ ਦੀ ਬੇਇਜ਼ਤੀ ਨਾ ਕਰੋ ਜਿਨ੍ਹਾਂ ਨੇ ਆਪਣੇ ਤਨ-ਮਨ ‘ਤੇ ਹੰਢਾਈਆਂ ਹਨ। ਇਹੋ ਜਿਹੇ ਬੰਦਿਆਂ ਨੂੰ ਉਨ੍ਹਾਂ ਦੇ ਬਰਾਬਰ ਨਾ ਬਹਾਓ। ਬਹੁਤ ਫਰਕ ਹੁੰਦਾ ਹੈ ਲੱਖ ਤੇ ਕੱਖ ‘ਚ।
ਗੋਲਡੀ ਨੇ ਅੱਗੇ ਕਿਹਾ ਕਿ ਤੁਸੀਂ ਇਸ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹੋ, ਇਹ 29 ਮਈ 2022 ਨੂੰ ਮਰਿਆ ਜਦੋਂ ਕਿ ਇਸ ਦਾ 5 ਜੂਨ ਨੂੰ ਸ਼ੋਅ ਸੀ ਦਿੱਲੀ ‘ਚ, ਜਦ ਕਿ 5 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਹੁੰਦੀ ਹੈ। ਜਿਸ ‘ਚ ਸੰਤ ਭਿੰਡਰਾਂਵਾਲੇ ਸਮੇਤ 6 ਤੋਂ 7 ਹਜ਼ਾਰ ਨਿਹੱਥੇ ਮੁੰਡੇ-ਕੁੜੀਆਂ, ਬੱਚਿਆਂ ਨੂੰ ਮਾਰਿਆ ਗਿਆ। ਇਨ੍ਹਾਂ ਦਿਨਾਂ ‘ਚ ਜੇ ਕਿਸੇ ਬੱਚੇ ਦਾ ਜਨਮਦਿਨ ਹੋਵੇ ਤਾਂ ਪਰਿਵਾਰ ਅਗਲੇ ਹਫਤੇ ਮਨਾਉਂਦਾ ਹੈ। ਸਾਡੇ ਵੱਲੋਂ ਉਸ ਨੂੰ ਮਾਰਨ ਦਾ ਇਹ ਵੀ ਕਾਰਨ ਸੀ ਕਿ ਅਸੀਂ ਉਸ ਨੂੰ ਉਹ ਸ਼ੋਅ ਨਹੀਂ ਲਾਉਣ ਦੇਣਾ ਚਾਹੁੰਦੇ ਸੀ, ਫੇਰ ਇਸ ਨੇ ਵਰਲਡ ਟੂਰ ‘ਤੇ ਚਲੇ ਜਾਣਾ ਸੀ ਅਤੇ ਫੇਰ ਪਤਾ ਨੀ ਕਦੋਂ ਹੱਥ ਆਉਂਦਾ ਸੀ।