ਦਾ ਐਡੀਟਰ ਨਿਊਜ਼, ਨਵੀ ਦਿੱਲੀ —— ਪੁਲਿਸ ਨੇ ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ‘ਚ ਮਾਸ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਵੈਸਟ ਬ੍ਰੋਮਵਿਚ ਤੋਂ ਲੇਬਰ ਸੰਸਦ ਮੈਂਬਰ ਸਾਰਾਹ ਕੂੰਬਸ ਦੁਆਰਾ ਸੰਸਦ ਵਿੱਚ ਮੁੱਦਾ ਉਠਾਉਣ ਤੋਂ ਬਾਅਦ ਕੀਤੀ। ਪੁਲਿਸ ਨੇ ਪਹਿਲਾਂ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਕੇ ਦੋਸ਼ੀ ਦੀ ਪਛਾਣ ਕੀਤੀ ਅਤੇ ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਖਿਲਾਫ ਦੋਸ਼ ਦਾਇਰ ਕੀਤੇ।
ਪੁਲਿਸ ਦੇ ਅਨੁਸਾਰ, 42 ਸਾਲਾ ਟੋਮਾਜ਼ ਬਰੂਚ ‘ਤੇ ਗੁਰਦੁਆਰੇ ਦੇ ਬਾਹਰ ਜਾਣਬੁੱਝ ਕੇ ਕੱਚਾ ਮਾਸ ਸੁੱਟਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਕਾਰਵਾਈ ਨੂੰ ਸਿੱਖ ਧਰਮ ਦੇ ਵਿਸ਼ਵਾਸਾਂ ਦੇ ਵਿਰੁੱਧ ਮੰਨਿਆ ਜਾਂਦਾ ਹੈ, ਅਤੇ ਪੁਲਿਸ ਇਸਨੂੰ ਨਫ਼ਰਤ ਅਪਰਾਧ ਵਜੋਂ ਮੰਨ ਰਹੀ ਹੈ।

ਦੋਸ਼ੀ ਨੂੰ ਬ੍ਰਿਟਿਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਵੁਲਵਰਹੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਹੋਵੇਗੀ। ਸੰਸਦ ਮੈਂਬਰ ਸਾਰਾਹ ਕੂੰਬਸ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਦੋਸ਼ੀ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਗਿਆ।
ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕੱਚਾ ਮਾਸ ਸੁੱਟਣ ਦੀ ਘਟਨਾ 22 ਦਸੰਬਰ, 2025 ਨੂੰ ਵਾਪਰੀ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਅਤੇ ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਵੈਸਟ ਬ੍ਰੋਮਵਿਚ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਨ੍ਹਾਂ ਕੈਮਰਿਆਂ ਵਿੱਚ ਦੋਸ਼ੀ ਨੂੰ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਇੱਕ ਬੈਗ ਵਿੱਚੋਂ ਮਾਸ ਸੁੱਟਦੇ ਦੇਖਿਆ ਗਿਆ। ਇਸ ਫੁਟੇਜ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ 42 ਸਾਲਾ ਟੋਮਾਜ਼ ਬਰੂਚ ਵਜੋਂ ਹੋਈ ਹੈ।