– ਕਿਹਾ ਕਿ ਅਕਾਲੀ ਦਲ ਸੰਘੀ ਖੁਦਮੁਖ਼ਤਿਆਰੀ ਲਈ ਵਚਨਬੱਧ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਲੜਦਾ ਰਹੇਗਾ
– ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਪ੍ਰਚਾਰੀ ਜਾ ਰਹੀ ਧਰਮ ਤੇ ਜਾਤੀਵਾਦ ਆਧਾਰਿਤ ਵੰਡ ਪਾਊ ਰਾਜਨੀਤੀ ਪੰਜਾਬ ਵਿਚ ਕਦੇ ਸਫਲ ਨਹੀਂ ਹੋਵੇਗੀ
ਦਾ ਐਡੀਟਰ ਨਿਊਜ਼, ਡੇਰਾਬੱਸੀ/ਜ਼ੀਰਕਪੁਰ ——- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਦੇ ਇਕ ਤੇ ਕਦੇ ਦੂਜੀ ਦੂਜੀ ਆਧਾਰਿਤ ਪਾਰਟੀ ਦਾ ਤਜਰਬਾ ਕਰਨਾ ਪੰਜਾਬ ਨੂੰ ਬਹੁਤ ਮਹਿੰਗਾ ਪਿਆ ਹੈ ਅਤੇ ਸੰਘੀ ਖੁਦਮੁਖ਼ਤਿਆਰੀ ਸਮੇਤ ਇਸਦੇ ਸਾਰੇ ਮੁੱਖ ਮੁੱਦੇ ਪਿੱਛੇ ਰਹਿ ਗਏ ਹਨ ਅਤੇ ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ’ਤੇ ਵਿਸ਼ਵਾਸ ਰੱਖਣ ਜੋ ਸੰਸਦ ਵਿਚ ਉਹਨਾਂ ਦੀ ਆਵਾਜ਼ ਬਣ ਕੇ ਗੂੰਜੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਟਿੱਪਣੀਆਂ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿਚ ਇਸ ਵਿਧਾਨ ਸਭਾ ਹਲਕੇ ਵਿਚ ਕੱਢੀ ਪੰਜਾਬ ਬਚਾਓ ਯਾਤਰਾ ਦੌਰਾਨ ਕੀਤੀਆਂ। ਯਾਤਰਾ ਨੂੰ ਇਥੇ ਲਾਮਿਸਾਲ ਹੁੰਗਾਰਾ ਮਿਲਿਆ ਤੇ ਹਜ਼ਾਰਾਂ ਲੋਕ ਅਕਾਲੀ ਦਲ ਦੇ ਪ੍ਰਧਾਨ ਵਾਸਤੇ ਸੜਕਾਂ ’ਤੇ ਆ ਕੇ ਖੜ੍ਹੇ ਹੋ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਾਰ-ਵਾਰ ਫੁੱਲਾਂ ਦੀ ਵਰਖਾ ਅਤੇ ਸਾਰੀਆਂ ਥਾਵਾਂ ’ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਯਾਤਰਾ ਵਿਚ ਸ਼ਮੂਲੀਅਤ ਕੀਤੀ।
ਇਕ ਪੜਾਅ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਤਜ਼ਰਬੇ ਸਾਨੂੰ ਬਹੁਤ ਮਹਿੰਗੇ ਪਏ ਹਨ। ਪਹਿਲਾਂ ਕਾਂਗਰਸ ਨੇ ਕਰਜ਼ਾ ਮੁਆਫੀ, ਘਰ-ਘਰ ਨੌਕਰੀ ਤੇ 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦੇ ਝੂਠੇ ਵਾਅਦੇ ਕਰ ਕੇ ਤੁਹਾਨੂੰ ਗੁੰਮਰਾਹ ਕੀਤਾ ਪਰ ਕੀਤਾ ਕੱਖ ਵੀ ਨਹੀਂ। ਫਿਰ ਆਮ ਆਦਮੀ ਪਾਰਟੀ (ਆਪ) ਇਕ ਕਦਮ ਹੋਰ ਅੱਗੇ ਲੰਘ ਗਈ ਤੇ ਇਸਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਤੇ ਨਸ਼ੇ 10 ਦਿਨਾਂ ਵਿਚ ਖ਼ਤਮ ਕਰਨ ਦਾ ਵਾਅਦਾ ਕਰ ਕੇ ਤੁਹਾਨੂੰ ਗੁੰਮਰਾਹ ਕੀਤਾ। ਇਹ ਵਾਅਦੇ ਵੀ ਝੂਠੇ ਨਿਕਲੇ ਤੇ ਅੱਜ ਆਪ ਬੇਨਕਾਬ ਹੈ ਜਿਸਨੇ ਸੂਬੇ ਨੂੰ ਕੰਗਾਲ ਕਰ ਕੇ ਇਸਦੇ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ ਅਤੇ ਕਿਸਾਨਾਂ, ਅਨੁਸੂਚਿਤ ਜਾਤੀ, ਕਮਜ਼ੋਰ ਵਰਗਾਂ ਤੇ ਵਪਾਰ ਤੇ ਉਦਯੋਗ ਨਾਲ ਵਿਤਕਰਾ ਕੀਤਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਵਾਸਤੇ ਸੰਘੀ ਖੁਦਮੁਖ਼ਤਿਆਰੀ ਪ੍ਰਤੀ ਵਚਨਬੱਧ ਹਾਂ। ਉਹਨਾਂ ਕਿਹਾ ਕਿ ਇਸੇ ਤਰੀਕੇ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੋ ਰਿਹਾ ਤੇ ਇਸੇ ਕਾਰਣ ਅਸੀਂ ਆਪਣੇ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ। ਅਸੀਂ ਇਸ ਰਾਹ ’ਤੇ ਤੁਰਦੇ ਰਹਾਂਗੇ ਤੇ ਕਦੇ ਵੀ ਆਪਣੀ ਮੂਲ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰਾਂਗੇ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਹਰੇਕ ਦਾ ਹੈ। ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਧਰਮ ਤੇ ਜਾਤੀ ਦੇ ਨਾਂ ’ਤੇ ਕੀਤੀ ਜਾ ਰਹੀ ਵੰਡ ਪਾਊ ਰਾਜਨੀਤੀ ਇਥੇ ਕਦੇ ਵੀ ਸਫਲ ਨਹੀਂ ਹੋਵੇਗੀ। ਪੰਜਾਬੀਆਂ ਦਾ ਸੁਭਾਅ ਧਰਮ ਨਿਰਪੱਖ ਹੈ ਤੇ ਇਹ ਗੁਰੂ ਸਾਹਿਬਾਨ ਵੱਲੋਂ ਦਰਸਾਏ ’ਸਰਬੱਤ ਦੇ ਭਲੇ’ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪੰਜਾਬੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕਰਨਗੇ ਤੇ ਦਿੱਲੀ ਆਧਾਰਿਤ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਦੇ ਪ੍ਰਤੀਨਿਧ ਹੀ ਸੰਸਦ ਵਿਚ ਪੰਜਾਬ ਲਈ ਤੁਹਾਡੀ ਆਵਾਜ਼ ਬਣ ਸਕਦੇ ਹਨ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਦਿੱਲੀ ਆਧਾਰਿਤ ਪਾਰਟੀਆਂ ਦੇ ਐਮ ਪੀ ਕਿਵੇਂ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਚੁੱਪੀ ਧਾਰ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਮੁਖੀਆਂ ਤੋਂ ਨਿਰਦੇਸ਼ ਮਿਲਦੇ ਹਨ ਜਿਹਨਾਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਲਈ ਸਿਰਫ ਤੇ ਸਿਰਫ ਪੰਜਾਬ ਤੇ ਪੰਜਾਬੀ ਅਹਿਮੀਅਤ ਰੱਖਦੇ ਹਨ। ਉਹਨਾਂ ਕਿਹਾ ਕਿ ਅਸੀਂ ਸੰਸਦ ਵਿਚ ਤੁਹਾਡੀ ਆਵਾਜ਼ ਬਣਾਂਗੇ ਤੇ ਯਕੀਨੀ ਬਣਾਵਾਂਗੇ ਕਿ ਇਹ ਸੁਣੀ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਡੇਰਾਬੱਸੀ ਦਾ ਲਾਮਿਸਾਲ ਵਿਕਾਸ ਹੋਇਆ। ਇਸ ਹਲਕੇ ਦੇ ਵਿਕਾਸ ਵਾਸਤੇ ਐਨ ਕੇ ਸ਼ਰਮਾ ਵੱਲੋਂ ਨਿਭਾਈ ਭੂਮਿਕਾ ਦੀ ਉਹਨਾਂ ਭਰਵੀਂ ਸ਼ਲਾਘਾ ਕੀਤੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਨ ਕੇ ਸ਼ਰਮਾ ਨੂੰ ਜਿਤਾਉਣ ਤਾਂ ਜੋ ਸਮੁੱਚੇ ਪਟਿਆਲਾ ਲੋਕ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।