ਦਾ ਐਡੀਟਰ ਨਿਊਜ਼, ਲੁਧਿਆਣਾ ——- ਚੋਣਾਂ ਦਾ ਮਾਹੌਲ ਹੈ ਅਤੇ ਅਕਸਰ ਲੀਡਰ ਆਪਣੀਆਂ-ਆਪਣੀਆਂ ਸਟੇਜਾਂ ਤੋਂ ਵਿਰੋਧੀ ਲੀਡਰਾਂ ਨੂੰ ਭੰਡਦੇ ਹਨ। ਕਈ ਵਾਰ ਤਾਂ ਬਿਆਨਬਾਜ਼ੀ ਐਨੀ ਤਿੱਖੀ ਹੋ ਜਾਂਦੀ ਹੈ ਤੇ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਜੇ ਇਹ ਲੀਡਰ ਸਾਹਮਣੇ ਹੋਣ ਤਾਂ ਪਤਾ ਨੀ ਕੀ ਕਰ ਦੇਣ। ਪਰ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਲੀਡਰ ਸਿਰਫ ਵੋਟਾਂ ਵਟੋਰਨ ਖਾਤਰ ਹੀ ਅਜਿਹੀ ਬਿਆਨਬਾਜ਼ੀ ਕਰਦੇ ਹਨ, ਜਦੋਂਕਿ ਜਦ ਇਹ ਆਹਮੋ-ਸਾਹਮਣੇ ਹੁੰਦੇ ਹਨ ਤਾਂ ਇਸ ਤਰ੍ਹਾਂ ਮਿਲਦੇ ਹਨ ਕਿ ਪਤਾ ਨੀ ਕਿੰਨੇ ਸਮੇਂ ਦੇ ਵਿਛੜੇ ਹੋਣ। ਫੇਰ ਇੱਕ ਦੂਜੇ ਖਿਲਾਫ ਕੀਤੀਆਂ ਸਾਰੀਆਂ ਬਿਆਨਬਾਜ਼ੀਆਂ ਭੁੱਲ ਜਾਂਦੇ ਹਨ।
ਅਜਿਹੇ ‘ਚ ਹੀ ਲੁਧਿਆਣਾ ‘ਚ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਹ ਵੀਡੀਓ ਦਰੇਸੀ ਮੈਦਾਨ ਨੇੜੇ ਇੱਕ ਸਕੂਲ ਵਿੱਚ ਕਰਵਾਏ ਬਾਬਾ ਖਾਟੂ ਸ਼ਿਆਮ ਦੇ ਜਾਗਰਣ ਦੀ ਹੈ। ਇਸ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਦੋਵਾਂ ਨੇ ਜੱਫੀ ਪਾਈ।


ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਕਈ ਚਰਚਾਵਾਂ ਛਿੜ ਗਈਆਂ ਹਨ। ਦੋਵੇਂ ਆਗੂ ਲੋਕ ਸਭਾ ਚੋਣਾਂ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ। ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਵਿੱਚ ਗੱਦਾਰ ਵੀ ਕਿਹਾ ਕਿਉਂਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਬਿੱਟੂ 10 ਸਾਲਾਂ ਤੋਂ ਲੁਧਿਆਣਾ ਤੋਂ ਕਾਂਗਰਸ ਵੱਲੋਂ ਸੰਸਦ ਮੈਂਬਰ ਰਹੇ ਹਨ। ਇਸ ਵੇਲੇ ਦੋਵੇਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਹਨ ਤੇ ਇੱਕ-ਦੂਜੇ ‘ਤੇ ਬਿਆਨਬਾਜ਼ੀ ਵੀ ਕਰ ਰਹੇ ਹਨ। ਪਰ ਜਦ ਦੋਵੇ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਦੋਵਾਂ ਪਿਛਲਾ ਸਭ ਕੁੱਝ ਭੁੱਲ ਗਏ।