ਦਾ ਐਡੀਟਰ ਨਿਊਜ. ਹੁਸ਼ਿਆਰਪੁਰ —- ਹੁਸ਼ਿਆਰਪੁਰ ਦੇ ਮੁਕੇਰੀਆਂ ਥਾਣੇ ਅਧੀਨ ਪੈਂਦੇ ਇੱਕ ਪਿੰਡ ‘ਚ ਜਦੋਂ ਪੁਲਿਸ ਰੇਡ ਕਰਨ ਗਈ ਸੀ ਤਾਂ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਨੇ ਹੱਤਿਆ ਕਰ ਦਿੱਤੀ ਸੀ, ਜਿਸ ‘ਚੋਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚੋਂ ਇੱਕ ਕਹਾਣੀ ਦੀ ਚਰਚਾ ਪੂਰੇ ਜ਼ੋਰਾਂ ‘ਤੇ ਹੈ, ਜਿਸ ਅਨੁਸਾਰ ਜੇਕਰ ਚਸ਼ਮਦੀਦਾਂ ਦੀ ਮੰਨੀਏ ਤਾਂ ਸੀਆਈਏ ਸਟਾਫ ਦੀ ਟੀਮ ਨੇ ਉਸ ਨੂੰ ਪਿੰਡ ਦੇ ਵਿਚਕਾਰ ਪੈਂਦੇ ਇਕ ਵੱਡੇ ਬੋਹੜ ਦੇ ਦਰੱਖਤ ਹੇਠੋਂ ਚੱਕ ਕੇ ਆਪਣੀ ਗੱਡੀ ‘ਚ ਸੁੱਟ ਲਿਆ ਸੀ ਅਤੇ ਰਾਣਾ ਗੱਡੀ ‘ਚ ਬੈਠਾ ਹੀ ਪੁਲਿਸ ਵਾਲਿਆਂ ਨਾਲ ਹੱਥੋਂ-ਪਾਈ ਹੋ ਗਿਆ ਅਤੇ ਕਿਸੇ ਮੁਲਾਜ਼ਮ ਦਾ ਰਿਵਾਲਵਰ ਖੋਹ ਕੇ ਹੀ ਉਸ ਨੇ ਤਿੰਨ ਫਾਇਰ ਕਰ ਦਿੱਤੇ। ਜਿਸ ‘ਚੋਂ ਇੱਕ ਫਾਇਰ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਛਾਤੀ ‘ਚ ਜਾ ਲੱਗਾ, ਹਾਲਾਂਕਿ ਇਸ ਬਾਰੇ ਮੌਕੇ ਦੇ ਚਸ਼ਮਦੀਦ ਖੁੱਲ੍ਹ ਕੇ ਬੋਲਣ ਦੀ ਥਾਂ ਦੱਬੀ ਜ਼ੁਬਾਨ ਨਾਲ ਗੱਲ ਕਰ ਰਹੇ ਹਨ ਅਤੇ ਪੁਲਿਸ ਵੀ ਇਸ ਮਾਮਲੇ ‘ਤੇ ਕਿਸੇ ਵੀ ਕਹਾਣੀ ਨੂੰ ਖੁੱਲ੍ਹ ਕੇ ਬਿਆਨ ਨਹੀਂ ਕਰ ਰਹੀ ਅਤੇ ਗੋਲੀ ਚਲਾਉਣ ਤੋਂ ਬਾਅਦ ਉਹ ਬਾਕੀ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਅੰਮ੍ਰਿਤਪਾਲ ਨੂੰ ਸੰਭਾਲਣ ਲੱਗ ਪਏ ਅਤੇ ਜਿਸ ਦਾ ਫਾਇਦਾ ਉਠਾਉਂਦਿਆਂ ਰਾਣਾ ਮਨਸੂਰਪੁਰੀਆ ਮੌਕੇ ਤੋਂ ਫਰਾਰ ਹੋ ਗਿਆ। (ਹਾਲਾਂਕਿ ‘ਦਾ ਐਡੀਟਰ ਨਿਊਜ਼’ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ) ਹਾਲਾਂਕਿ ਸਾਰੀ ਕਹਾਣੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ।
ਹੁਣ ਪੁਲਿਸ ਨੇ ਇਸ ਮਾਮਲੇ ‘ਚ ਰਾਣਾ ਮਨਸੂਰਪੁਰੀਆ ‘ਤੇ 25000 ਰੁਪਏ ਦਾ ਇਨਾਮ ਰੱਖਦਿਆਂ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਵੀ ਗੱਲ ਪਤਾ ਲੱਗੀ ਹੈ ਕਿ ਉਸ ‘ਤੇ ਪਹਿਲਾਂ ਵੀ ਕਈ ਕ੍ਰਿਮੀਨਲ ਮਾਮਲੇ ਦਰਜ ਹਨ ਅਤੇ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ।