ਦਾ ਐਡੀਟਰ ਨਿਊਜ. ਹੁਸ਼ਿਆਰਪੁਰ —– ਪਿਛਲੇ ਦਿਨੀਂ ਸਥਾਨਕ ਅਕਾਲੀ ਆਗੂ ਬਿਕਰਮਜੀਤ ਸਿੰਘ ਕਲਸੀ ਵੱਲੋਂ ਚਲਾਏ ਗਏ ‘ ਸਿਆਸੀ ਕਲਸੀ ਪੰਪ ’ ਨੇ ਪਾਰਟੀ ਹੱਦਬੰਦੀ ਦੀਆਂ ਜਿਹੜੀਆਂ ਵੱਟਾਂ ਤੋੜੀਆਂ ਸਨ ਉਨ੍ਹਾਂ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਘੁਰਕੀ ਮਗਰੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਆਪਣੀ ਕਹੀ ਨਾਲ ‘ ਨੱਕਾ ’ ਲਗਾ ਦਿੱਤਾ ਹੈ, ਜਿਸ ਪਿੱਛੋਂ ਪਾਰਟੀ ਦੀਆਂ ਵੱਟਾਂ-ਬੰਨ੍ਹੇ ਖੁਰਨ ਤੋਂ ਬਚ ਗਏ ਹਨ। ਲਖਵਿੰਦਰ ਸਿੰਘ ਲੱਖੀ ਨੇ ਤਾਜ਼ਾ ਲਿਸਟ ਜਾਰੀ ਕਰਕੇ ਬਿਕਰਮਜੀਤ ਸਿੰਘ ਕਲਸੀ ਨੂੰ ਜਿੱਥੇ ਸਰਕਲ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ-1 ਐਲਾਨਿਆ ਹੈ ਉੱਥੇ ਹੀ ਰਣਧੀਰ ਸਿੰਘ ਭਾਰਜ ਨੂੰ ਬਰਾਬਰ ’ਤੇ ਸਰਕਲ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ-2 ਐਲਾਨ ਦਿੱਤਾ ਹੈ ਤੇ ਦੋਵਾਂ ਆਗੂਆਂ ਨੂੰ ਆਪਣੇ-ਆਪਣੇ ਇਲਾਕੇ ਵਿੱਚ ਰਹਿਣ ਦੀ ਤਾੜਨਾ ਕਰਦੇ ਹੋਏ ਜਥੇਬੰਦੀ ਦਾ ਵਿਸਥਾਰ ਕਰਨ ਲਈ ਕਿਹਾ ਹੈ।
ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਪਿਛਲੀ ਵਾਰ ਜਿਵੇਂ ਬਿਕਰਮਜੀਤ ਕਲਸੀ ਨੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਭਰੋਸੇ ਵਿੱਚ ਲਏ ਬਿਨਾਂ ਸ਼ਹਿਰੀ ਹਲਕੇ ਦੀ ਜਥੇਬੰਦੀ ਐਲਾਨ ਦਿੱਤੀ ਸੀ ਉਸ ਉਪਰੰਤ ਪਾਰਟੀ ਹਾਈਕਮਾਂਡ ਵੱਲੋਂ ਪਾਈ ਗਈ ਝਾੜ ਨੇ ਸਭ ਦੇ ਕੰਨ ਖੜ੍ਹੇ ਕਰ ਦਿੱਤੇ ਹਨ ਤੇ ਹੁਣ ਇਸ ਹਲਕੇ ਵਿੱਚ ਅਹੁੱਦੇਦਾਰੀਆਂ ਲਾਲੀ ਬਾਜਵਾ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ ਦੇਣੀਆਂ ਸੰਭਵ ਨਹੀਂ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਲੀ ਬਾਜਵਾ ਦਾ ਜ਼ਿਲ੍ਹੇ ਅੰਦਰ ਸਿਆਸੀ ਕੱਦ ਹੋਰ ਵਧਾਉਦੇ ਹੋਏ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰਧਾਨ ਵੀ ਨਿਯੁਕਤ ਕਰ ਦਿੱਤਾ ਹੈ।
ਤੱਤਾ-ਤੱਤਾ ਚੱਟ ਗਏ ਕਲਸੀ
ਹੁਸ਼ਿਆਰਪੁਰ ਅਕਾਲੀ ਦਲ ਵਿੱਚ ਇਹ ਚਰਚਾ ਜੋਰਾਂ ’ਤੇ ਹੈ ਕਿ ਬਿਕਰਮਜੀਤ ਕਲਸੀ ਅਹੁੱਦਾ ਮਿਲਣ ਉਪਰੰਤ ਤੱਤਾ-ਤੱਤਾ ਸਿਆਸੀ ਗੁੜ ਚੱਟ ਗਏ ਜਿਸ ਨੇ ਉਨ੍ਹਾਂ ਦੇ ਜੀਭ ’ਤੇ ਹੀ ਛਾਲੇ ਪਾ ਦਿੱਤੇ ਹਨ, ਚਰਚਾ ਤਾਂ ਇਹ ਵੀ ਹੈ ਕਿ ਲਾਲੀ ਬਾਜਵਾ ਨੂੰ ਪਾਰਟੀ ਅੰਦਰੋਂ ਹੀ ਕੁਝ ਆਗੂਆਂ ਨੇ ਕਲਸੀ ਰਾਹੀਂ ਪਟਕਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਦਾਅ ਪੁੱਠਾ ਪੈ ਗਿਆ ਤੇ ਆਖਿਰ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਦਿੱਤੇ ਗੇੜੇ ਉਪਰੰਤ ‘ ਕਲਸੀ ਪੰਪ ’ ਨੂੰ ਅਜਿਹਾ ਪੁੱਠਾ ਗੇੜਾ ਆਇਆ ਕਿ ਮੌਜੂਦਾ ਸਮੇਂ ਉਨ੍ਹਾਂ ਆਗੂਆਂ ਦੇ ਵੀ ਸਿਆਸੀ ਫਿਊਜ਼ ਉੱਡ ਗਏ ਹਨ ਜਿਨ੍ਹਾਂ ਵੱਲੋਂ ਪਹਿਲਾ ਹੱਦਬੰਦੀ ਤੋੜਨ ਲਈ ਕਲਸੀ ਪੰਪ ਚਲਾਇਆ ਸੀ।