ਕੈਪਟਨ ਵੱਲੋਂ ਪ੍ਰਧਾਨ ਮੰਤਰੀ ਤੋਂ ਵਿੱਤੀ ਪੈਕੇਜ ਦੀ ਮੰਗ
ਚੰਡੀਗੜ-ਪੰਜਾਬ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ਹੋਣ ਅਤੇ ਪਹਿਲੀ ਤਿਮਾਹੀ ਵਿੱਚ 50 ਫੀਸਦੀ ਮਾਲੀ ਗਿਰਾਵਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮਹਾਂਮਾਰੀ ਨਾਲ ਮਾਲੀਏ ਦੀ ਉਗਰਾਹੀ ਦੇ ਪਏ ਪਾੜੇ ਨੂੰ ਪੂਰਨ ਲਈ ਸੂਬਿਆਂ ਨੂੰ ਉਦਾਰ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬਾਈ ਆਫ਼ਤ ਰਾਹਤ ਫੰਡ (ਐਸ.ਡੀ.ਆਰ.ਐਫ.) ਵਿੱਚੋਂ ਖਰਚਿਆਂ ਲਈ ਕੋਵਿਡ ਨਾਲ ਸਬੰਧਤ ਸ਼ਰਤਾਂ ਵੀ ਨਰਮ ਕਰਨ ਦੀ ਮੰਗ ਰੱਖੀ। ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੋਵਿਡ ਨਾਲ ਸਬੰਧਤ ਖਰਚਿਆਂ ਲਈ ਐਸ.ਡੀ.ਆਰ.ਐਫ. ਵਿੱਚੋਂ ਇਸ ਵੇਲੇ 35 ਫੀਸਦੀ ਤੱਕ ਫੰਡ ਵਰਤਣ ਦੀ ਸ਼ਰਤ ਹੈ ਜਦਕਿ ਮੌਜੂਦਾ ਲੋੜਾਂ ਦੀ ਪੂਰਤੀ ਲਈ ਇਹ ਕਾਫੀ ਨਹੀਂ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਮੀਟਿੰਗ ਵਿੱਚ ਹਾਜ਼ਰ ਸਨ।
ਮੁੱਖ ਮੰਤਰੀ ਨੇ ਉੱਤਰੀ ਜ਼ੋਨ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਸਥਾਪਨਾ ਕਰਨ ਲਈ ਪੰਜਾਬ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ‘ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਇਸ ਉਦੇਸ਼ ਲਈ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਨੂੰ ਇੰਸਟੀਚਿਊਟ ਲਈ ਛੇਤੀ ਹੀ 25 ਏਕੜ ਜ਼ਮੀਨ ਸੌਂਪ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਮਾਮਲੇ ਵਧ ਰਹੇ ਹਨ ਜੋ ਹੁਣ ਤੱਕ 24891 ਤੱਕ ਪਹੁੰਚ ਗਏ ਹਨ ਅਤੇ 604 ਮੌਤਾਂ ਹੋਈਆਂ ਹਨ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਯੂ.ਜੀ.ਸੀ. ਦੇ 30 ਸਤੰਬਰ ਤੱਕ ਫਾਈਨਲ ਇਮਤਿਹਾਨ ਲਾਜ਼ਮੀ ਤੌਰ ‘ਤੇ ਕਰਵਾਉਣ ਦੇ ਫੈਸਲੇ ਦੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਸਤੰਬਰ ਵਿੱਚ ਪ੍ਰੀਖਿਆਵਾਂ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਹੋਵੇਗਾ ਕਿਉਂ ਜੋ ਉਸ ਸਮੇਂ ਸੂਬੇ ਨੂੰ ਕੋਵਿਡ ਦੇ ਸਿਖਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਪੰਜਾਬ ਕੋਵਿਡ ਲਈ 10 ਲੱਖ (ਇਕ ਮਿਲੀਅਨ) ਪਿੱਛੇ 23,000 ਟੈਸਟ ਕਰ ਰਿਹਾ ਹੈ ਜੋ ਕੌਮੀ ਔਸਤ ਨਾਲੋਂ ਵੱਧ ਹੈ ਅਤੇ ਅਗਲੇ 15 ਦਿਨਾਂ ਵਿੱਚ ਆਰ.ਟੀ.-ਪੀ.ਸੀ.ਆਰ. ਟੈਸਟ 12000 ਤੋਂ ਵਧਾ ਕੇ 20000 ਕਰਨ ਦੀ ਯੋਜਨਾ ਹੈ। ਇਹ ਟੈਸਟਿੰਗ ਸਮਰਥਾ ਹੋਰ ਵਧਾਉਣ ਦੀ ਲੋੜ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਚੰਡੀਗੜ ਅਤੇ ਪੰਜਾਬ ਵਿੱਚ ਸਥਿਤ ਭਾਰਤ ਸਰਕਾਰ ਦੀਆਂ ਸੰਸਥਾਵਾਂ ਨੂੰ ਟੈਸਟਿੰਗ ਸਮਰਥਾ ਵਧਾਉਣ ਦੀ ਅਪੀਲ ਕੀਤੀ ਅਤੇ ਇਸ ਬਾਰੇ ਉਹ ਪਹਿਲਾਂ ਵੀ ਉਨਾਂ ਨੂੰ ਪੱਤਰ ਲਿਖ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਸਥਿਤ ਏਮਜ਼ ਵਿਖੇ ਕੋਵਿਡ ਟੈਸਟਿੰਗ ਅਤੇ ਇਲਾਜ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ ਜਦਕਿ ਇਸ ਸੰਸਥਾ ਵਿੱਚ ਓ.ਪੀ.ਡੀ. ਪਹਿਲਾਂ ਹੀ ਕਾਰਜਸ਼ੀਲ ਹੈ। ਉਨਾਂ ਨੇ ਲੋੜ ਅਧਾਰਿਤ ਜ਼ਿਲਿਆਂ ਗੁਰਦਸਾਪੁਰ, ਸੰਗਰੂਰ/ਮਲੇਰਕੋਟਲਾ ਦੇ ਨਾਲ-ਨਾਲ ਮੋਗਾ ਵਿੱਚ ਨਵੇਂ ਕਾਲਜ ਸਥਾਪਤ ਕਰਨ ਦੀ ਅਪੀਲ ਕੀਤੀ।