ਦਾ ਐਡੀਟਰ ਨਿਊਜ਼, ਮੁਕਤਸਰ —– ਵਿਆਹ ਦੇ 2 ਦਿਨ ਬਾਅਦ ਹੀ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਬਠਿੰਡਾ-ਮੁਕਤਸਰ ਰੋਡ ‘ਤੇ ਸਥਿਤ ਪਿੰਡ ਭਿਸੀਆਣਾ ‘ਚ ਵੀਰਵਾਰ ਸ਼ਾਮ ਨੂੰ ਵਾਪਰਿਆ। ਮ੍ਰਿਤਕ ਨੌਜਵਾਨ ਸਨਮਦੀਪ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਸੀ। ਵਿਆਹ ਲਈ ਕਿਰਾਏ ‘ਤੇ ਲਈ ਗਈ ਸ਼ੇਰਵਾਨੀ ਵਾਪਸ ਕਰਨ ਲਈ ਉਹ ਬਠਿੰਡਾ ਆਇਆ ਸੀ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਆਇਆ ਸੀ। ਉਹ ਇੱਥੇ ਸ਼ੇਰਵਾਨੀ ਦੇ ਕੇ ਵਾਪਿਸ ਘਰ ਪਰਤ ਰਿਹਾ ਸੀ। ਜਦੋਂ ਉਸਦੀ ਕਾਰ ਭਿਸੀਆਣਾ ਨੇੜੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਬੈਠੇ ਸਨਮਦੀਪ ਦੀ ਮੌਤ ਹੋ ਗਈ।


ਸਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਸੋਗ ਦੀ ਲਹਿਰ ਦੌੜ ਗਈ। ਲਾੜੀ 2 ਦਿਨਾਂ ਵਿੱਚ ਵਿਧਵਾ ਹੋ ਗਈ। ਸਨਮਦੀਪ ਦੇ ਘਰੋਂ ਅਜੇ ਵਿਆਹ ਦੇ ਟੈਂਟ ਤੱਕ ਵੀ ਨਹੀਂ ਉਤਾਰੇ ਗਏ ਸੀ।
ਸਨਮਦੀਪ ਦੇ ਪਿਤਾ ਪੰਜਾਬ ਮਾਲ ਵਿਭਾਗ ਵਿੱਚ ਪਟਵਾਰੀ ਸਨ। ਉਸ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਥਾਂ ਸਨਮਦੀਪ ਨੂੰ ਪਟਵਾਰੀ ਦੀ ਨੌਕਰੀ ਮਿਲ ਗਈ।