ਜਲੰਧਰ, 8 ਸਤੰਬਰ 2023 – ਜਲੰਧਰ ਦੇ ਦੋ ਢਿੱਲੋ ਭਰਾਵਾਂ ਨੂੰ ਦਰਿਆ ਵਿੱਚ ਖੁਦਕੁਸ਼ੀ ਲਈ ਛਾਲ ਮਾਰਨ ਲਈ ਮਜਬੂਰ ਕਰਨ ਦੇ ਮਾਮਲੇ ‘ਚ ਤਿੰਨਾਂ ਪੁਲਿਸ ਮੁਲਾਜ਼ਮਾਂ ਦੀ ਕਪੂਰਥਲਾ ਦੀ ਇੱਕ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨੋਂ ਪੁਲਿਸ ਮੁਲਾਜ਼ਮਾਂ ਨੇ ਜ਼ਮਾਨਤ ਲੈਣ ਦੇ ਲਈ ਅਦਾਲਤ ਦਾ ਰੁਖ ਕੀਤਾ ਸੀ, ਜਿਸ ਦੀ ਸੁਣਵਾਈ ਤੋਂ ਅਦਾਲਤ ਵੱਲੋਂ ਇਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ਛਾਲ ਮਾਰ ਕੇ ਆਤਮ ਹੱਤਿਆ ਕਰਨ ਅਤੇ ਉਨ੍ਹਾਂ ਦੋ ਭਰਾਵਾਂ ਵਿੱਚੋਂ ਇੱਕ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਐਸਐਚਓ ਨਵਦੀਪ ਸਿੰਘ, ਇੱਕ ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਅਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਰਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਹੀ ਐਸਐਚਓ ਨਵਦੀਪ ਸਿੰਘ ਸਮੇਤ ਬਾਕੀ ਦੋਵੇਂ ਮੁਲਾਜ਼ਮ ਵੀ ਰੂਪੋਸ਼ ਚੱਲ ਰਹੇ ਹਨ, ਪੁਲਿਸ ਇਨ੍ਹਾਂ ਤਿੰਨਾਂ ‘ਚੋਂ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਮਾਮਲੇ ‘ਚ ਪੁਲਿਸ ਦੀ ਹੋ ਰਹੀ ਕਿਰਕਰੀ ਅਤੇ ਇੱਕ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਐਸਐਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਜਦੋਂ ਕਿ ਦੂਜੇ ਭਰਾ ਮਾਨਵ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ।