ਅੰਮ੍ਰਿਤਸਰ, 12 ਅਗਸਤ 2023 – ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਗੁੱਟਾਂ ਦੇ ਆਪਸ ਵਿੱਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ‘ਚ ਕਰੀਬ 6 ਕੈਦੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇੱਥੋਂ ਰਾਤ ਸਮੇਂ 3 ਹੋਰ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਜੇਲ੍ਹ ਪ੍ਰਸ਼ਾਸਨ ਇਸ ਪੂਰੇ ਮਾਮਲੇ ‘ਚ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ। ਘਟਨਾ ਸ਼ੁੱਕਰਵਾਰ ਰਾਤ ਦੀ ਹੈ ਅਤੇ ਲੜਾਈ ਦਾ ਜਿਵੇਂ ਹੀ ਸੁਰੱਖਿਆ ਗਾਰਡਾਂ ਨੂੰ ਪਤਾ ਲੱਗਿਆ ਉਨ੍ਹਾਂ ਨੇ ਦਖਲ ਦੇ ਕੇ ਉਨ੍ਹਾਂ ਨੂੰ ਵੱਖ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਗੁੱਟਾਂ ਵਿੱਚ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਰਾਤ ਸਮੇਂ ਦੋਵਾਂ ਨੇ ਜੇਲ੍ਹ ਵਿੱਚ ਮੌਜੂਦ ਸਮੱਗਰੀ ਤੋਂ ਹਥਿਆਰ ਤਿਆਰ ਕੀਤੇ ਅਤੇ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ। ਜੇਲ੍ਹ ‘ਚ ਹੰਗਾਮਾ ਹੋਣ ਤੋਂ ਬਾਅਦ ਸੁਰੱਖਿਆ ਗਾਰਡ ਹਰਕਤ ‘ਚ ਆ ਗਏ ਅਤੇ ਦੋਹਾਂ ਧੜਿਆਂ ਨੂੰ ਇਕ ਦੂਜੇ ਤੋਂ ਵੱਖ ਕਰ ਦਿੱਤਾ।


ਪੁਲਸ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਤੋਂ ਮਿਲੀ ਸ਼ਿਕਾਇਤ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖਮੀਆਂ ਦਾ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲਤ ਸਥਿਰ ਹੋਣ ‘ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।