ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਗੁਮਟਾਲਾ ਪੁਲਿਸ ਚੌਕੀ ‘ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਇੱਕ ਤਰ੍ਹਾਂ ਦਾ ਨਾਰਕੋ-ਟੈਰਰ ਮਾਡਿਊਲ ਹੈ। ਇਸ ਕਾਰਵਾਈ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਸ਼ੀ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਅਤੇ ਡਰੱਗ ਤਸਕਰ ਸਰਵਣ ਭੋਲਾ ਨਾਲ ਜੁੜੇ ਹੋਏ ਹਨ।
https://x.com/DGPPunjabPolice/status/1884138278712148252
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਰਸਾ ਦੇ ਰਹਿਣ ਵਾਲੇ ਬੱਗਾ ਸਿੰਘ ਅਤੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਪੁਸ਼ਕਰ ਸਿੰਘ ਉਰਫ਼ ਸਾਗਰ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੇ 9 ਜਨਵਰੀ, 2025 ਨੂੰ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਸੂਬੇ ‘ਚ ਦਹਿਸ਼ਤ ਫੈਲਾਉਣ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਗਾ ਸਿੰਘ ਨਸ਼ਾ ਤਸਕਰ ਸਰਵਣ ਭੋਲਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਸਰਵਣ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਸਮੇਂ 532 ਕਿਲੋ ਹੈਰੋਇਨ ਕੇਸ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਇਹ ਮਾਡਿਊਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਦੇ ਰਿਹਾ ਸੀ।
ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਹੈਂਡ ਗ੍ਰਨੇਡ, ਦੋ ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕਈ ਸ਼ੱਕੀ ਦਸਤਾਵੇਜ਼ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਹੁਣ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ, ਤਾਂ ਜੋ ਵਿਦੇਸ਼ਾਂ ਅਤੇ ਭਾਰਤ ਵਿੱਚ ਨੈੱਟਵਰਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਇਨ੍ਹਾਂ ਹਮਲਿਆਂ ਪਿੱਛੇ ਹੈਪੀ ਪਾਸੀਆ, ਜੋ ਅਮਰੀਕਾ ਸਥਿਤ ਇੱਕ ਨੈੱਟਵਰਕ ਚਲਾਉਂਦਾ ਹੈ ਅਤੇ ਜੋ ਵਿਦੇਸ਼ੀ ਧਰਤੀ ਤੋਂ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਜਦੋਂ ਕਿ ਸਰਵਣ ਭੋਲਾ ਇੱਕ ਵੱਡਾ ਨਸ਼ਾ ਤਸਕਰ ਹੈ। ਜਿਸਦਾ ਨੈੱਟਵਰਕ ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਤੱਕ ਫੈਲਿਆ ਹੋਇਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਨਾਰਕੋ-ਟੈਰਰ ਮਾਡਿਊਲ ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚਕਾਰ ਡੂੰਘੇ ਸਬੰਧ ਨੂੰ ਉਜਾਗਰ ਕਰਦਾ ਹੈ। ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।