ਦਾ ਐਡੀਟਰ ਨਿਊਜ਼, ਸੁਲਤਾਨਪੁਰ ਲੋਧੀ —— ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਫੋਟੋਗ੍ਰਾਫਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ 13 ਜਨਵਰੀ ਨੂੰ ਲੋਹੜੀ ਦੇ ਸਮਾਗਮ ‘ਚ ਕੰਮ ਲਈ ਗਿਆ ਸੀ ਪਰ ਵਾਪਸ ਪਰਤਦੇ ਸਮੇਂ ਦੇਰ ਰਾਤ ਉਸ ਦਾ ਮੋਬਾਈਲ ਬੰਦ ਹੋ ਗਿਆ ਅਤੇ ਉਹ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਅਤੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ।
ਜਦੋਂ ਨੌਜਵਾਨ ਬਾਰੇ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ‘ਚ ਕਪੂਰਥਲਾ ਸੁਲਤਾਨਪੁਰ ਰੋਡ ‘ਤੇ ਪਿੰਡ ਸ਼ੇਖੂਪੁਰ ਨੇੜਿਓਂ ਸਰਕਾਰੀ ਐਂਬੂਲੈਂਸ ‘ਚ ਇਲਾਜ ਲਈ ਭੇਜਿਆ ਗਿਆ ਹੈ, ਜਿੱਥੇ ਉਸ ਦੀ ਉੱਥੇ ਮੌਤ ਹੋ ਗਈ। ਪਰ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਤਿਕਸ਼ਿਤ ਨਾਲ ਕੋਈ ਸੜਕ ਹਾਦਸਾ ਨਹੀਂ ਹੋਇਆ ਅਤੇ ਉਸ ਦੀ ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਉਸ ਨਾਲ ਕੋਈ ਘਟਨਾ ਹੋਈ ਹੈ।
ਉਨ੍ਹਾਂ ਸਰਕਾਰੀ ਹਸਪਤਾਲ ’ਤੇ ਵੀ ਲਾਪ੍ਰਵਾਹੀ ਦਾ ਦੋਸ਼ ਲਾਇਆ ਜਿਸ ਨੇ 13 ਜਨਵਰੀ ਤੋਂ 15 ਜਨਵਰੀ ਤੱਕ ਪਰਿਵਾਰ ਨੂੰ ਸੂਚਿਤ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ਦੂਜੇ ਪਾਸੇ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।