ਦਾ ਐਡੀਟਰ ਨਿਊਜ਼, ਗੁਰਦਾਸਪੁਰ —— ਥਾਣਾ ਰੰਗੜ ਨੰਗਲ ਬਟਾਲਾ ਦੀ ਹਦੂਦ ਅੰਦਰ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਹੈ। ਪੁਲੀਸ ਪਾਰਟੀ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨੂੰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਸੁੱਟ ਕੇ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਉਸ ਦਾ ਪਿੱਛਾ ਕੀਤਾ ਅਤੇ ਗੋਲੀਬਾਰੀ ਦੌਰਾਨ ਦੋਸ਼ੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਕਰਾਰ ਦੇ ਦਿੱਤਾ ਗਿਆ ਹੈ।
ਆਪਰੇਸ਼ਨ ਦੌਰਾਨ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ, ਪਰ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਵੱਲੋਂ ਉਸਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮਾਰੇ ਗਏ ਗੈਂਗਸਟਰ ਦੀ ਪਹਿਚਾ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਾੜੀ ਕਲਾਂ ਜ਼ਿਲ੍ਹਾ ਮਜੀਠਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਦੱਸਿਆ ਜਾ ਰਿਹਾ ਹੈ। ਸਰਪੰਚੀ ਚੋਣਾਂ ਦੌਰਾਨ ਤਰਨਤਾਰਨ ਵਿਖੇ ਸਰਪੰਚ ਦੀ ਹੱਤਿਆ ਦਾ ਮਾਮਲਾ ਉਸ ਤੇ ਦਰਜ ਹੈ, ਜਦ ਕਿ ਹਰੀਕੇ ਦੇ ਕਮਿਸ਼ਨ ਏਜੰਟ ਰਾਮ ਗੋਪਾਲ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਹੈ। ਨਾਲ ਹੀ ਜਲੰਧਰ ਵਿਖੇ ਵੀ ਉਸ ਦੇ ਖਿਲਾਫ ਇੱਕ ਮਾਮਲਾ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਰਣਜੀਤ ਸਿੰਘ ਨੂੰ ਬਦਨਾਮ ਅਪਰਾਧੀਆਂ ਪ੍ਰਭ ਦਾਸੂਵਾਲ ਅਤੇ ਬਲਵਿੰਦਰ ਡੌਨੀ ਬੱਲ ਅਤੇ ਮਨ ਘਣਸ਼ਾਮਪੁਰਾ ਨਾਮਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਰਣਜੀਤ ਸਿੰਘ ਨੂੰ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ਨੇ ਇਹਨਾਂ ਗੈਂਗਸਟਰਾਂ ਦੀਆਂ ਹਦਾਇਤਾਂ ਤਹਿਤ ਸਰਗਰਮੀ ਨਾਲ ਅਪਰਾਧ ਕੀਤੇ।