ਦਾ ਐਡੀਟਰ ਨਿਊਜ਼, ਮੁੰਬਈ ——- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਚੋਰ ਰਾਤ 2 ਵਜੇ ਘਰ ਵਿੱਚ ਦਾਖਲ ਹੋਇਆ ਅਤੇ ਸੈਫ ਅਲੀ ਖਾਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸੈਫ ਅਲੀ ਖਾਨ ਦੇ ਸਰੀਰ ‘ਤੇ 2-3 ਵਾਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਅਦਾਕਾਰ ਇਸ ਸਮੇਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹੈ। ਉਸਦੀ ਗਰਦਨ, ਪਿੱਠ, ਹੱਥਾਂ ਅਤੇ ਸਿਰ ‘ਤੇ ਸੱਟਾਂ ਹਨ। ਮੁੰਬਈ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾ ਕਿਸਨੇ ਅਤੇ ਕਿਉਂ ਕੀਤਾ।
ਸੈਫ ਅਲੀ ਖਾਨ ‘ਤੇ ਹੋਏ ਹਮਲੇ ‘ਤੇ ਮੁੰਬਈ ਪੁਲਿਸ ਨੇ ਕਿਹਾ ਕਿ ਕੱਲ੍ਹ ਰਾਤ ਇੱਕ ਅਣਜਾਣ ਵਿਅਕਤੀ ਅਦਾਕਾਰ ਦੇ ਘਰ ਵਿੱਚ ਦਾਖਲ ਹੋਇਆ। ਉੱਥੇ ਉਸਨੇ ਨੌਕਰਾਣੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸੈਫ਼ ਦੋਵਾਂ ਦੇ ਵਿਚਕਾਰ ਆ ਗਿਆ ਅਤੇ ਉਸ ਆਦਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆਏ ਵਿਅਕਤੀ ਨੇ ਸੈਫ ਅਲੀ ਖਾਨ ‘ਤੇ ਹਮਲਾ ਕਰ ਦਿੱਤਾ। ਦੋਵਾਂ ਵਿਚਕਾਰ ਹੱਥੋਪਾਈ ਵੀ ਹੋਈ। ਇਸ ਦੌਰਾਨ ਉਸਨੇ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾਵਰ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਸੀ ਜਾਂ ਫੇਰ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ।
ਅਦਾਕਾਰ ਦੀ ਟੀਮ ਵੱਲੋਂ ਇੱਕ ਅਧਿਕਾਰਤ ਬਿਆਨ ਆਇਆ ਹੈ। ਜਿਸ ਅਨੁਸਾਰ ਸੈਫ ਦੇ ਘਰ ਚੋਰੀ ਦੀ ਕੋਸ਼ਿਸ਼ ਹੋਈ ਸੀ। ਇਸ ਵੇਲੇ ਹਸਪਤਾਲ ਵਿੱਚ ਉਸਦੀ ਸਰਜਰੀ ਚੱਲ ਰਹੀ ਹੈ। ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਸਬਰ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ। ਇਹ ਇੱਕ ਪੁਲਿਸ ਕੇਸ ਹੈ। ਅਸੀਂ ਤੁਹਾਨੂੰ ਸਥਿਤੀ ਬਾਰੇ ਅੱਪਡੇਟ ਕਰਦੇ ਰਹਾਂਗੇ।