– ਪੰਥ ਵਿਰੋਧੀ ਤਾਕਤਾਂ ਤੇ ਪੰਜਾਬ ਸਰਕਾਰ ਇਸ ਹਮਲੇ ਲਈ ਜ਼ਿੰਮੇਵਾਰ
ਦਾ ਐਡੀਟਰ ਨਿਊਜ਼, ਮੁਕੇਰੀਆ —— ਪਿਛਲੀ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਧਾਰਮਿਕ ਸਜਾ ਨੂੰ ਪੂਰੀ ਕਰਨ ਸਮੇਂ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਵਰਤਾਰਾ ਹੈ ਤੇ ਇਹ ਵਰਤਾਰਾ ਦਰਸਾਉਂਦਾ ਹੈ ਕਿ ਕੁਝ ਪੰਥ ਦੋਖੀ ਤਾਕਤਾਂ ਅੱਜ ਵੀ ਖੁਦ ਨੂੰ ਸਿੱਖ ਪੰਥ ਦੇ ਸਰਵਉੱਚ ਤਖਤਾਂ ਤੇ ਉਨ੍ਹਾਂ ਵੱਲੋਂ ਸੁਣਾਏ ਗਏ ਹੁਕਮਾਂ ਤੋਂ ਉੱਪਰ ਸਮਝਦੀਆਂ ਹਨ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਕੀਤਾ ਗਿਆ, ਉਨ੍ਹਾਂ ਅੱਗੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਇਹ ਭੁੱਲ ਬੈਠੀਆਂ ਹਨ ਕਿ ਜਿਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉੱਪਰ ਸੁਖਬੀਰ ਸਿੰਘ ਬਾਦਲ ਆਪਣੀ ਸਜਾ ਨੂੰ ਪੂਰੀ ਕਰ ਰਿਹਾ ਹੈ ਉਹ ਬਖਸ਼ਣਹਾਰ ਤੇ ਆਪਣੇ ਸਿੱਖਾਂ ਨੂੰ ਵਰ੍ਹਦੀ ਅੱਗ ਵਿੱਚੋ ਬਚਾਉਣ ਵਾਲਾ ਵੀ ਹੈ।
ਸਰਬਜੋਤ ਸਾਬੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਿਰ ਝੁਕਾ ਕੇ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕੀਤੀ ਗਈ ਹੈ ਲੇਕਿਨ ਪੰਥ ਦੇ ਦੋਖੀਆਂ ਨੂੰ ਅਕਾਲੀ ਲੀਡਰਸ਼ਿਪ ਦੇ ਗੁਰੂ ਸਾਹਿਬਾਨ ਅੱਗੇ ਝੁਕੇ ਹੋਏ ਸਿਰ ਵੀ ਚੰਗੇ ਨਹੀਂ ਲੱਗਦੇ ਤੇ ਇਸੇ ਸੌੜੀ ਮਾਨਸਿਕਤਾ ਵਿੱਚੋ ਅੱਜ ਦਾ ਹਮਲਾ ਨਿੱਕਲਿਆ ਹੈ, ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਜਿੱਥੇ ਪੰਥ ਵਿਰੋਧੀ ਲੋਕ ਜ਼ਿੰਮੇਵਾਰ ਹਨ ਉੱਥੇ ਹੀ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਲਈ ਜਿੰਮੇਵਾਰ ਹੈ ਕਿਉਂਕਿ ਸਮਾਜ ਵਿਰੋਧੀ ਲੋਕਾਂ ਦੇ ਮਨਾਂ ਵਿੱਚੋ ਕਾਨੂੰਨ ਦਾ ਡਰ ਨਿੱਕਲ ਚੁੱਕਾ ਹੈ ਤੇ ਇਹੀ ਕਾਰਨ ਹੈ ਕਿ ਕੋਈ ਵੀ ਕਿਸੇ ਨੂੰ ਵੀ ਨਿਸ਼ਾਨਾ ਬਣਾਉਣ ਲਈ ਹਥਿਆਰ ਚੁੱਕ ਰਿਹਾ ਹੈ।
ਸਰਬਜੋਤ ਸਾਬੀ ਨੇ ਕਿਹਾ ਕਿ ਜਿਹੜੀਆਂ ਵੀ ਸ਼ਕਤੀਆਂ ਖੁਦ ਨੂੰ ਸਿੱਖ ਪੰਥ ਦੇ ਤਖਤਾਂ ਤੋਂ ਉੱਪਰ ਸਮਝਦੀਆਂ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰਨਾ ਵੀ ਸਮੇਂ ਦੀ ਲੋੜ ਬਣ ਚੁੱਕਾ ਹੈ ਤੇ ਸਾਨੂੰ ਪੂਰਨ ਵਿਸ਼ਵਾਸ਼ ਹੈ ਕਿ ਅੱਜ ਦੀ ਇਸ ਘਟਨਾ ਦਾ ਸਿੰਘ ਸਾਹਿਬਾਨ ਗੰਭੀਰ ਨੋਟਿਸ ਲੈਂਦੇ ਹੋਏ ਸਖਤ ਕਦਮ ਚੁੱਕਣਗੇ ਤਾਂ ਜੋ ਪੰਥ ਵਿਰੋਧੀਆਂ ਨੂੰ ਵੀ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਅਕਾਲੀ ਦਲ ਬੁਰੇ ਦੌਰ ਵਿੱਚੋ ਨਿੱਕਲ ਰਿਹਾ ਹੈ ਲੇਕਿਨ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ, ਹਿੱਤਾਂ ਦੀ ਰਾਖੀ ਲਈ ਅਕਾਲੀ ਵਰਕਰ ਤੇ ਆਗੂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਕਦੇ ਪਿੱਛੇ ਨਹੀਂ ਹਟਣਗੇ।