ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜਾ ਨੂੰ ਪੂਰੀ ਕਰਦਿਆ ਸੁਖਬੀਰ ਸਿੰਘ ਬਾਦਲ ਉੱਪਰ ਕੀਤਾ ਗਿਆ ਹਮਲਾ ਜਿੱਥੇ ਵੱਡਾ ਅਪਰਾਧ ਹੈ ਉੱਥੇ ਹੀ ਸਿੱਖ ਪੰਥ ਦੇ ਤਖਤ ਸਾਹਿਬਾਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲਾ ਹੈ ਜਿਸ ਲਈ ਹਮਲਾਵਰ ਤੇ ਪੰਥ ਵਿਰੋਧੀ ਤਾਕਤਾਂ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ, ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵੀ ਭੁੱਲਾਂ ਹੋਈਆਂ ਸਭ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਲੀਡਰਸ਼ਿਪ ਨੇ ਆਪਣੀ ਝੋਲੀ ਵਿੱਚ ਪਵਾਇਆ ਜਿਸ ਉਪਰੰਤ ਸਿੰਘ ਸਾਹਿਬਾਨ ਵੱਲੋਂ ਸਜਾ ਸੁਣਾਈ ਗਈ ਤੇ ਹੁਣ ਉਸ ਸੇਵਾ ਰੂਪੀ ਸਜਾ ਨੂੰ ਪੂਰੀ ਕਰਦਿਆ ਸੁਖਬੀਰ ਬਾਦਲ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਨਿਸ਼ਾਨਾ ਬਣਾਉਣ ਦੀ ਕੀਤੀ ਗਈ ਕੋਸ਼ਿਸ਼ ਪੰਥ ਵਿਰੋਧੀ ਸ਼ਕਤੀਆਂ ਦੀ ਸੌੜੀ ਮਾਨਸਿਕਤਾ ਵਿੱਚ ਆ ਚੁੱਕੇ ਨਿਘਾਰ ਨੂੰ ਦਰਸਾਉਦਾ ਹੈ।
ਲਾਲੀ ਬਾਜਵਾ ਨੇ ਕਿਹਾ ਕਿ ਸਿੱਖ ਪੰਥ ਦਾ ਸ਼ਾਨਾਮੱਤਾ ਇਤਿਹਾਸ ਹੈ ਲੇਕਿਨ ਅਜਿਹੀਆਂ ਸ਼ਰਮਨਾਕ ਗੱਲਾਂ ਕਰਕੇ ਪੰਥ ਦੇ ਵੱਕਾਰ ਨੂੰ ਢਾਹ ਲੱਗਦੀ ਹੈ ਤੇ ਜਿਨ੍ਹਾਂ ਲੋਕਾਂ ਜਾਂ ਧਿਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਸਿੱਖ ਪੰਥ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜੇਕਰ ਗੋਲੀ ਸੁਖਬੀਰ ਸਿੰਘ ਬਾਦਲ ਜਾ ਕਿਸੇ ਸ਼ਰਧਾਲੂ ਦੇ ਲੱਗਦੀ ਤਾਂ ਇਸ ਨਾਲ ਪੂਰੀ ਦੁਨੀਆ ਵਿੱਚ ਕੌਮ ਦੇ ਅਕਸ ਨੂੰ ਢਾਹ ਜਰੂਰ ਲੱਗਣੀ ਸੀ, ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਜਰੂਰੀ ਹੈ। ਲਾਲੀ ਬਾਜਵਾ ਨੇ ਆਖਿਰ ਵਿੱਚ ਕਿਹਾ ਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਵੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ।