ਦਾ ਐਡੀਟਰ ਨਿਊਜ਼, ਬਰਨਾਲਾ ——– ਬਰਨਾਲਾ ‘ਚ ਟਰੈਕਟਰ ‘ਤੇ ਡੈੱਕ ਬੰਦ ਕਰਨ ਨੂੰ ਲੈ ਕੇ ਹੋਈ ਲੜਾਈ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਵਾਪਰੀ। ਜਿੱਥੇ ਦੇਰ ਰਾਤ ਮ੍ਰਿਤਕ ਜਸਲੀਨ ਸਿੰਘ ਜੱਸੂ ਨੇ ਪਿੰਡ ਦੇ ਹੀ ਰਮਨਦੀਪ ਸਿੰਘ ਨੂੰ ਟਰੈਕਟਰ ‘ਤੇ ਡੈੱਕ ਚਲਾਉਣ ਤੋਂ ਰੋਕਿਆ ਸੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ ਅਤੇ ਜਸਲੀਨ ਸਿੰਘ ਦੇ ਉੱਤੇ ਕਾਰ ਚਾੜ੍ਹ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਜਸਲੀਨ ਸਿੰਘ ਦੇ ਦੋਸਤਾਂ ਕਾਬਲ ਸਿੰਘ, ਲਵਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਲੀਨ ਸਿੰਘ ਜੱਸੂ ਦਾ ਉਸੇ ਪਿੰਡ ਦੇ ਰਮਨਦੀਪ ਸਿੰਘ, ਉਸ ਦੇ ਲੜਕੇ ਅਤੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਹਿਲਾਂ ਉਨ੍ਹਾਂ ਨੇ ਉਸ ‘ਤੇ ਕਾਰ ਚੜ੍ਹਾ ਦਿੱਤੀ ਅਤੇ ਬਾਅਦ ‘ਚ ਰਾਡਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਇੱਕ ਸਾਬਕਾ ਫੌਜੀ ਹਨ ਅਤੇ ਉਸਦੀ ਭੈਣ ਕੈਨੇਡਾ ਵਿੱਚ ਰਹਿੰਦੀ ਹੈ। ਉਸ ਦੀ ਮੌਤ ਨਾਲ ਪੂਰਾ ਘਰ ਸੁੰਨਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ ਹਨ।
ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਪਿੰਡ ਪੱਖੋਕੇ ਵਿੱਚ ਦੋ ਧਿਰਾਂ ਵਿੱਚ ਲੜਾਈ ਹੋਈ ਸੀ। ਜਸਲੀਨ ਸਿੰਘ ਜੱਸੂ ਨੇ ਪਿੰਡ ਦੇ ਰਮਨਦੀਪ ਸਿੰਘ ਦੇ ਟਰੈਕਟਰ ਦਾ ਸਪੀਕਰ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਤੋਂ ਬਾਅਦ ਰਮਨਦੀਪ ਸਿੰਘ ਨੇ ਆਪਣੇ ਦੋਸਤ ਨੂੰ ਬੁਲਾ ਕੇ ਜਸਲੀਨ ਜੱਸੂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਮਨਦੀਪ ਸਿੰਘ ਅਤੇ ਉਸ ਦੇ 18 ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।